- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਦ ਮੈਂਬਰ ਰਾਜਿੰਦਰ ਗੁਪਤਾ ਵੱਲੋਂ ਬਰਨਾਲਾ 'ਚ ‘ਸੇਵਾ ਸੰਕਲਪ ਅਭਿਆਨ’ ਦੀ ਸ਼ੁਰੂਆਤ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 76ਵੇਂ ਜਨਮ ਦਿਨ ਤੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ 25 ਸਾਲਾਂ ਦੇ ਜਨਤਕ ਜੀਵਨ ਦੀ ਯਾਤਰਾ ਪੂਰੀ ਹੋਣ ਦੇ ਮੌਕੇ ’ਤੇ ਸੰਸਦ ਮੈਂਬਰ ਰਾਜਿੰਦਰ ਗੁਪਤਾ ਨੇ ਬਰਨਾਲਾ ਵਿਖੇ ਮਹੀਨੇ ਭਰ ਚੱਲਣ ਵਾਲੇ ‘ਸੇਵਾ ਸੰਕਲਪ ਅਭਿਆਨ’ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕ ਸੇਵਾ, ਸਮਾਜਿਕ ਭਾਗੀਦਾਰੀ ਤੇ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸੰਪਰਕ ਨੂੰ ਹੋਰ ਮਜ਼ਬੂਤ ਕਰਨਾ ਹੈ। ਇਹ ਅਭਿਆਨ 17 ਅਕਤੂਬਰ ਤੱਕ ਜਾਰੀ ਰਹੇਗਾ, ਜਿਸ ਦੌਰਾਨ ਹਲਕੇ ’ਚ ਵੱਖ-ਵੱਖ ਲੋਕ ਭਲਾਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ’ਚ ਮੈਡੀਕਲ ਕੈਂਪ ਲਗਾਉਣਾ, ਆਂਗਣਵਾੜੀ ਵਰਕਰਾਂ ਦਾ ਸਨਮਾਨ, ਦਿਵਿਆਂਗ ਬੱਚਿਆਂ ਲਈ ਸੇਵਾ ਕਾਰਜ ਤੇ ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨਾਲ ਸੰਪਰਕ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਸਰਕਾਰੀ ਭਲਾਈ ਯੋਜਨਾਵਾਂ ਬਾਰੇ ਜਾਗਰੂਕ ਕਰਨ ਅਤੇ ਜ਼ਮੀਨੀ ਪੱਧਰ ’ਤੇ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ।
ਮੁਹਿੰਮ ਦੇ ਪਹਿਲੇ ਦਿਨ 17 ਸਤੰਬਰ ਨੂੰ ਕੇਂਦਰ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਦੀਵੇ ਵੰਡੇ ਗਏ। ਇਸ ਦੇ ਨਾਲ ਹੀ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਰਾਜਿੰਦਰ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲਾਂ ਦਾ ਸਫ਼ਰ ਰਾਸ਼ਟਰ ਨਿਰਮਾਣ ’ਚ ਸੇਵਾ ਨੂੰ ਕੇਂਦਰ ’ਚ ਰੱਖਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਸਿਰਫ਼ ਜ਼ਿੰਮੇਵਾਰੀ ਹੀ ਨਹੀਂ, ਸਗੋਂ ਜੀਵਨ ਜਿਊਣ ਦਾ ਇੱਕ ਢੰਗ ਵੀ ਹੈ। ਸੇਵਾ ਦੀ ਭਾਵਨਾ ਰਾਸ਼ਟਰ ਨਿਰਮਾਣ ਦੀ ਤਾਕਤ ਬਣ ਸਕਦੀ ਹੈ ਤੇ ਹਰ ਵਿਅਕਤੀ ਦਾ ਛੋਟਾ ਜਿਹਾ ਉਪਰਾਲਾ ਵੀ ਵੱਡੇ ਰਾਸ਼ਟਰੀ ਉਦੇਸ਼ ਦਾ ਹਿੱਸਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਸੇਵਾ ਸੰਕਲਪ ਅਭਿਆਨ’ ਰਾਹੀਂ ਨਾਗਰਿਕਾਂ, ਸਮਾਜਿਕ ਸੰਸਥਾਵਾਂ ਤੇ ਸਵੈ-ਸੇਵਕਾਂ ਨੂੰ ਲੋਕ ਭਲਾਈ ਤੇ ਸਮਾਜਿਕ ਭਾਗੀਦਾਰੀ ਨਾਲ ਜੁੜੇ ਕਾਰਜਾਂ ਲਈ ਇੱਕ ਮੰਚ 'ਤੇ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਯੋਜਨਾਵਾਂ ਤੇ ਉਨ੍ਹਾਂ ਅਧੀਨ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਦਿਵਾਉਣ ਲਈ ਵੀ ਯਤਨ ਕੀਤੇ ਜਾਣਗੇ। ‘ਸੇਵਾ ਸੰਕਲਪ ਅਭਿਆਨ’ ਤਹਿਤ 17 ਅਕਤੂਬਰ ਤੱਕ ਹਲਕੇ ’ਚ ਵੱਖ-ਵੱਖ ਗਤੀਵਿਧੀਆਂ ਜਾਰੀ ਰਹਿਣਗੀਆਂ। ਇਸ ਮੁਹਿੰਮ ਦਾ ਉਦੇਸ਼ ਸੇਵਾ, ਸਮਾਜਿਕ ਜ਼ਿੰਮੇਵਾਰੀ ਅਤੇ ਭਾਈਚਾਰਕ ਭਾਗੀਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਜਨਤਕ ਭਾਗੀਦਾਰੀ ਰਾਹੀਂ "ਵਿਕਸਿਤ ਭਾਰਤ" ਦੇ ਸੰਕਲਪ ਨੂੰ ਅੱਗੇ ਵਧਾਇਆ ਜਾ ਸਕੇ।