- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਪਾ ਪੱਖੋ ਕਲਾਂ ਸੜਕ ਤੇ ਜੰਗਲੀ ਕਿੱਕਰਾਂ ਨੇ ਜਮਾਇਆ ਕਬਜ਼ਾ

ਮੁਖਤਿਆਰ ਸਿੰਘ, ਪੰਜਾਬੀ ਜਾਗਰਣ,
ਪੱਖੋ ਕਲਾਂ : ਤਪਾ-ਪੱਖੋ ਕਲਾਂ ਮਾਰਗ ਤੇ ਉੱਗੀਆਂ ਜੰਗਲੀ ਕਿੱਕਰਾਂ ਜਿਸ ਨੂੰ ਪਹਾੜੀ ਕਿੱਕਰਾਂ ਵੀ ਕਿਹਾ ਜਾਂਦਾ ਹੈ, ਨੇ ਸੜਕ ਦੇ ਅੱਧ ਤੱਕ ਕਬਜ਼ਾ ਜਮ੍ਹਾਂ ਲਿਆ ਹੈ, ਜਿਸ ਨਾਲ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹਰ ਵੇਲੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ, ਪਰ ਪ੍ਰਸਾਸ਼ਨ ਕੰਨ ਪਰਨੇ ਘੂਕ ਸੁੱਤਾ ਪਿਆ ਹੈ ਅਤੇ ਕਿਸੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਇਹ ਕਿੱਕਰਾਂ ਸੜਕ ਉੱਪਰ ਲੰਘ ਰਹੇ ਦੋ ਪਹੀਆ ਵਾਹਨ, ਸਕੂਟਰਾਂ ਤੇ ਮੋਟਰਸਾਈਕਲਾਂ ਲਈ ਘਾਤਕ ਸਾਬਤ ਹੋ ਰਹੀਆਂ ਹਨ। ਇਹ ਕਿੱਕਰਾਂ ਕਈ ਥਾਂ ਸੜਕ ਦੇ ਅੱਧ ਵਿਚਕਾਰ ਵੀ ਆ ਚੁੱਕੀਆਂ ਹਨ, ਇਹ ਕੰਡਿਆਲੀਆਂ ਹੋਣ ਕਰਕੇ ਮੋਟਰਸਾਈਕਲ ਸਵਾਰ ਆਪਣੇ ਅੱਖ ਮੂੰਹ ’ਚ ਵੱਜਣ ਦੇ ਡਰੋਂ ਇਸ ਤੋਂ ਪਰ੍ਹਾਂ ਦੀ ਹੋ ਕੇ ਲੰਘਦਾ ਹੈ ਜਿਸ ਕਾਰਨ ਉਸ ਦੇ ਅੱਗੇ ਜਾਂ ਪਿੱਛੇ ਤੋਂ ਆ ਰਹੇ ਤੇਜ ਰਫਤਾਰ ਵਾਹਨ ਦੀ ਲਪੇਟ ਵਿਚ ਆਉਣ ਦਾ ਡਰ ਰਹਿੰਦਾ ਹੈ। ਤਪਾ - ਪੱਖੋ ਕਲਾਂ ਮਾਲਵੇ ਦੇ ਵੱਡੇ ਹਿੱਸੇ ਮਾਨਸਾ, ਬੁਲਾਢਾ, ਭੀਖੀ ਆਦਿ ਏਰੀਏ ਨੂੰ ਮੋਗਾ ਜਲੰਧਰ ਅੰਮ੍ਰਿਤਸਰ ਨਾਲ ਜੋੜਣ ਵਾਲੀ ਇੱਕ ਅਹਿਮ ਸੜਕ ਵਜੋਂ ਜਾਣੀ ਜਾਂਦੀ ਹੈ, ਪਰ ਇਸ ਪ੍ਰਤੀ ਸਰਕਾਰ ਤੇ ਲੋਕ ਨਿਰਮਾਣ ਵਿਭਾਗ ਦੇ ਅਣਦੇਖੀ ਕਾਰਨ ਇਹ ਕਿੱਕਰਾਂ ਸੜਕ ਦੇ ਅੱਧ ਵਿਚਕਾਰ ਤੱਕ ਆ ਗਈਆਂ ਹਨ। ਇਸ ਸੜਕ ਦੇ ਪਿਛਲੇ ਪੰਜ ਛੇ ਸਾਲ ਤੋਂ ਨਾ ਤਾਂ ਬਰਮ ਕੱਟੇ ਗਏ ਹਨ ਤੇ ਨਾ ਹੀ ਕਦੇ ਸੜਕ ਨਾਲ ਮਿੱਟੀ ਲਗਾਈ ਗਈ ਹੈ। ਸੜਕੀ ਆਵਾਜਾਈ ’ਚ ਵਿਘਨ ਤੋਂ ਇਲਾਵਾ ਇਨ੍ਹਾਂ ਆਪੇ ਉੱਗੀਆਂ ਜੰਗਲੀ ਕਿੱਕਰਾਂ ਨੇ ਸੜਕਾਂ ਦੁਆਲੇ ਖਤਾਨਾਂ ’ਚ ਲਾਏ ਦਰਖਤਾਂ ਨੂੰ ਲੱਗਭਗ ਖਤਮ ਹੀ ਕਰ ਦਿੱਤਾ ਹੈ ਤੇ ਜੰਗਲਾਤ ਮਹਿਕਮੇ ਨੇ ਕਦੇ ਵੀ ਇਹ ਜਹਿਮਤ ਨਹੀਂ ਕੀਤੀ ਕਿ ਇੱਥੋਂ ਇਨ੍ਹਾਂ ਨੂੰ ਕਟਵਾ ਕੇ ਪੱਕੇ ਦਰਖ਼ਤ ਲਗਾਏ ਜਾਣ। ਇਲਾਕਾ ਵਾਸੀਆਂ, ਪੰਚਾਇਤਾਂ, ਸਮਾਜ ਸੇਵੀ ਕਲੱਬਾਂ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਨੇੜਿਓ ਜੰਗਲੀ ਕਿੱਕਰਾਂ ਨੂੰ ਕਟਾਈ ਕਰਕੇ ਬਰਮ ਕੱਟੇ ਜਾਣ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਬੱਚਤ ਰਹਿ ਸਕੇ।
ਇਸ ਸਬੰਧੀ ਜੰਗਲਾਤ ਮਹਿਕਮੇ ਨੂੰ ਲਿਖਾਂਗੇ : ਐਕਸੀਅਨ
ਇਸ ਸਬੰਧੀ ਜਦ ਲੋਕ ਨਿਰਮਾਣ ਵਿਭਾਗ ਬਰਨਾਲਾ ਦੇ ਐਕਸ਼ੀਅਨ ਹਰੀਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜੰਗਲਾਤ ਵਿਭਾਗ ਨੇ ਕਿੱਕਰਾਂ ਦੀ ਕਟਾਈ ਲਈ ਲਿਖਣਗੇ। ਜਦ ਉਨਾਂ ਤੋਂ ਸੜਕ ਦੇ ਲੰਮੇ ਸਮੇਂ ਤੋਂ ਬਰਮ ਨਾ ਕੱਟੇ ਜਾਣ ਸਬੰਧੀ ਪੁੱਛਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਤੇ ਕਿਹਾ ਕਿ ਉਹ ਚੈੱਕ ਕਰਨਗੇ ਕਿ ਕਿਸ ਸਕੀਮ ਅਧੀਨ ਇਹ ਕੱਟੇ ਜਾਣਗੇ।
ਐੱਨਜੀਟੀ ਵੱਲੋ ਲਾਈ ਪਾਬੰਦੀ ਕਾਰਨ ਕਟਾਈ ਨਹੀਂ ਹੋ ਰਹੀ : ਵਣ ਰੇਂਜ ਅਫਸਰ ਦਾ
ਇਸ ਸਬੰਧੀ ਜਦ ਵਣ ਰੇਂਜ ਅਫਸਰ ਬਰਨਾਲਾ ਸਵਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਹਰੇ ਰੁੱਖ ਨੂੰ ਕੱਟਣ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪਾਬੰਦੀ ਲਗਾਈ ਹੋਈ ਹੈ, ਫਿਰ ਵੀ ਜੇਕਰ ਅਸੀਂ ਟਾਹਣੀ ਵੀ ਕੱਟਦੇ ਹਾਂ ਤਾਂ ਲੋਕ ਝੱਟ ਸ਼ਿਕਾਇਤ ਕਰ ਦਿੰਦੇ ਹਨ। ਇਸ ਤੋਂ ਪਹਿਲਾਂ ਇਸ ਤਰਾਂ ਦੇ ਸਾਡੇ ਉੱਪਰ ਤਿੰਨ ਕੇਸ ਬਣੇ ਪਏ ਹਨ। ਜੇਕਰ ਇਲਾਕੇ ਦੀਆਂ ਪੰਚਾਇਤਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਲਿਖਤੀ ਦੇਣ ਤੇ ਟ੍ਰਿਬਿਊਨਲ ਵੱਲੋਂ ਇਜਾਜ਼ਤ ਦਿੱਤੇ ਜਾਣ ’ਤੇ ਹੀ ਕਿੱਕਰਾਂ ਦੀ ਛਾਂਗ ਛਗਾਂਈ ਕੀਤੀ ਜਾ ਸਕਦੀ ਹੈ।