ਨਸ਼ਾ ਵੇਚਣ ਦੀ ਕੀਤੀ ਸ਼ਿਕਾਇਤ ਪਈ ਭਾਰੀ, ਹਮਲਾਵਰਾਂ ਨੇ ਘਰ ’ਚ ਦਾਖਲ ਹੋ ਕੇ ਕੀਤੀ ਭੰਨਤੋੜ ਨਸ਼ਾ ਵੇਚਣ ਦੀ ਕੀਤੀ ਸ਼ਿਕਾਇਤ ਪਈ ਭਾਰੀ, ਹਮਲਾਵਰਾਂ ਨੇ ਘਰ ’ਚ ਦਾਖਲ ਹੋ ਕੇ ਕੀਤੀ ਭੰਨਤੋੜ
Publish Date: Sun, 13 Sep 2026 05:35 PM (IST)
Updated Date: Mon, 14 Sep 2026 04:03 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤੇ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਮੰਗੇ ਸਹਿਯੋਗ ਦੇ ਚਲਦਿਆਂ ਸਰਕਾਰ ਤੇ ਪੁਲਿਸ ਦਾ ਸਹਿਯੋਗ ਕਰਨ ਵਾਲਿਆਂ ਨੂੰ ਡਰ ਨਾਲ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਲਾਕੇ ਅੰਦਰ ਜਿੱਥੇ ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ,ਉੱਥੇ ਦੂਜੇ ਪਾਸੇ ਜੇਕਰ ਕੋਈ ਵਿਅਕਤੀ ਇਸ ਸਬੰਧੀ ਪੁਲਿਸ ਨੂੰ ਕੋਈ ਵੀ ਸ਼ਿਕਾਇਤ ਕਰਦਾ ਹੈ ਤਾਂ ਉਸਦਾ ਖਮਿਆਜਾ ਪਰਿਵਾਰ ਦੀ ਜਾਨ ਜ਼ੋਖ਼ਮ ਚ ਪਾ ਕੇ ਭੋਗਣਾ ਪੈ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਇਲਾਕੇ ਦੇ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਸਾਹਮਣੇ ਆਇਆ ਜਦੋਂ ਨਸ਼ਾ ਵੇਚਣ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਤੋ ਖਫਾ ਹੋਏ ਹਮਲਾਵਰਾਂ ਨੇ ਗੁਰੂ ਗੋਬਿੰਦ ਸਿੰਘ ਨਗਰ ਦੇ ਵਸਨੀਕ ਵਿੱਕੀ ਪੁੱਤਰ ਗੋਪਾਲ ਰਾਮ ਦੇ ਘਰ ਅੰਦਰ ਦਾਖਲ ਹੋ ਕੇ ਸਮਾਨ ਦੀ ਭੰਨ ਤੋੜ ਕਰ ਦਿੱਤੀ, ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ।ਵਿੱਕੀ ਨੇ ਦੱਸਿਆ ਕਿ ਉਸ ਵੱਲੋਂ ਪੁਲਿਸ ਕੋਲ ਇਲਾਕੇ ਦੇ ਇੱਕ ਨੌਜਵਾਨ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਕਥਿਤ ਤੌਰ ’ਤੇ ਨਸ਼ਾ ਵੇਚਣ ਦਾ ਕੰਮ ਕਰਦਾ ਹੈ। ਜਿਸ ’ਤੇ ਇਸ ਗੱਲ ਦੀ ਰੰਜਿਸ਼ ਰੱਖਦਿਆਂ ਉਕਤ ਨੌਜਵਾਨ ਨੇ ਆਪਣੇ ਕੁਝ ਸਾਥੀਆਂ ਨਾਲ ਬੀਤੀ ਰਾਤ ਉਸਦੇ ਘਰ ਤੇ ਹਮਲਾ ਕਰਕੇ ਘਰੇਲੂ ਸਾਮਾਨ ਦੀ ਭੰਨ੍ਹਤੋੜ ਕਰਕੇ ਸੋਨਾ ਅਤੇ ਨਕਦੀ ਲੈ ਕੇ ਜਾਣ ਦੇ ਦੋਸ਼ ਲਗਾਏ। ਵਿੱਕੀ ਅਨੁਸਾਰ ਘਟਨਾ ਸਮੇਂ ਉਹ ਘਰ ਵਿਚ ਮੌਜੂਦ ਨਹੀਂ ਸੀ। ਉਹ ਆਪਣੀ ਰਿਸ਼ਤੇਦਾਰੀ ’ਚ ਵਿਆਹ ਸਮਾਗਮ ਦੀਆਂ ਤਿਆਰੀਆਂ ‘ਚ ਇਥੇ ਹੀ ਦੂਸਰੇ ਘਰ ਰੁੱਝਿਆ ਹੋਇਆ ਸੀ, ਉਸਨੇ ਦੱਸਿਆ ਕਿ ਜੇਕਰ ਉਹ ਉਸ ਸਮੇਂ ਘਰ ਵਿਚ ਹੁੰਦਾ ਤਾਂ ਹਮਲਾਵਰਾਂ ਵੱਲੋਂ ਉਸ ਨਾਲ ਕੁੱਟਮਾਰ ਜਾਂ ਕੋਈ ਗੰਭੀਰ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਸੀ। ਉਸਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਘਰ ’ਚ ਦਾਖਲ ਹੋ ਕੇ ਭੰਨਤੋੜ ਕੀਤੀ ਤੇ ਨਕਦੀ, ਸੋਨਾ, ਕੀਮਤੀ ਸਾਮਾਨ ਸਮੇਤ ਹੋਰ ਸਾਮਾਨ ਆਪਣੇ ਨਾਲ ਲੈ ਗਏ। ਵਿੱਕੀ ਮੁਤਾਬਕ ਇਸ ਘਟਨਾ ਕਾਰਨ ਉਸਦਾ ਕਰੀਬ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ,ਉਸਨੇ ਇਹ ਸਮਾਨ ਅਪਣੀ ਸਾਲੀ ਦੇ ਵਿਆਹ ’ਚ ਦੇਣ ਲਈ ਰੱਖੇ ਹੋਏ ਸਨ। ਉਨ੍ਹਾਂ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਚੌਂਕੀ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।