- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
60 ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਕਾਬੂ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲਕਲਾਂ : ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਠੁੱਲੀਵਾਲ ਪੁਲਿਸ ਨੇ ਇੱਕ ਵਿਅਕਤੀ ਨੂੰ 60 ਨਸ਼ੀਲੀਆਂ ਖੁੱਲ੍ਹੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਕਾਬੂ ਕੀਤੇ ਵਿਅਕਤੀ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਕੁਰੜ ਵਜੋਂ ਹੋਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਤਫ਼ਤੀਸ਼ੀ ਅਫ਼ਸਰ ਏਐੱਸਆਈ ਜਸਵਿੰਦਰ ਸਿੰਘ ਧਨੌਲਾ ਨੇ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਐੱਸਐੱਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ, ਡੀਐੱਸਪੀ ਸਤਵਿੰਦਰ ਸਿੰਘ ਵਿਰਕ ਦੀ ਰਹਿਨੁਮਾਈ ਅਤੇ ਥਾਣਾ ਠੁੱਲੀਵਾਲ ਦੇ ਮੁਖੀ ਅਜੈਬ ਸਿੰਘ ਬਰਨਾਲਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਥਾਣਾ ਠੁੱਲੀਵਾਲ ਪੁਲਿਸ ਨੂੰ ਇੱਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਮਨਾਲ ਤੋਂ ਕੁਰੜ ਵਿਚਕਾਰ ਲੰਘਦੇ ਰਜਬਾਹੇ ਦੀ ਪਟੜੀ ’ਤੇ ਇੱਕ ਵਿਅਕਤੀ ਨਸ਼ੀਲੀਆਂ ਗੋਲ਼ੀਆਂ ਲੈ ਕੇ ਘੁੰਮ ਰਿਹਾ ਹੈ। ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਪਾਰਟੀ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ।ਪੁਲਿਸ ਅਨੁਸਾਰ ਵਿਅਕਤੀ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 60 ਨਸ਼ੀਲੀਆਂ ਖੁੱਲ੍ਹੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਗੋਲੀਆਂ ਨੂੰ ਕਬਜ਼ੇ ’ਚ ਲੈ ਕੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਹੈ । ਇਸ ਮੌਕੇ ਹੌਲਦਾਰ ਦੀਪ ਸਿੰਘ ਧਨੌਲਾ, ਮੁਨਸੀ ਜਸਵਿੰਦਰ ਸਿੰਘ ਪੰਡੋਰੀ ਅਤੇ ਮਨਪ੍ਰੀਤ ਸਿੰਘ ਖੇੜੀ ਚਹਿਲਾਂ ਵੀ ਹਾਜ਼ਰ ਸਨ।