- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਸ ਏਜੰਸੀ 'ਚ ਚੋਰੀ ਕਰਨ ਵਾਲਾ ਚੋਰ ਦੋ ਐਲਸੀਡੀਜ ਤੇ ਚਾਂਦੀ ਦੇ ਸਿੱਕੇ ਸਮੇਤ ਕਾਬੂ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਤਪਾ ਮੰਡੀ ਤੇ ਆਸ ਪਾਸ ਦੇ ਖੇਤਰ ਅੰਦਰ ਹੋਈਆਂ ਚੋਰੀਆਂ ਨੂੰ ਸਿਟੀ ਇੰਚਾਰਜ ਤਪਾ ਕੁਲਵੰਤ ਸਿੰਘ ਵੱਲੋਂ ਹੱਲ ਕਰਦਿਆਂ ਢਿਲਵਾਂ ਰੋਡ ਤੇ ਸਥਿਤ ਗੈਸ ਏਜੰਸੀ 'ਚ ਹੋਈ ਚੋਰੀ ਨੂੰ ਟਰੇਸ ਕਰਕੇ ਚੋਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਿਸ ’ਤੇ ਪੁਲਿਸ ਨੇ ਚੋਰ ਵੱਲੋਂ ਚੋਰੀ ਕੀਤੀਆਂ ਦੋ ਐੱਲ.ਸੀ.ਡੀਜ, ਕੁਝ ਚਾਂਦੀ ਦੇ ਸਿੱਕੇ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਗੈਸ ਏਜੰਸੀ ਦੇ ਮੈਨੇਜਰ ਰੋਹਿਤ ਬਾਂਸਲ ਪੁੱਤਰ ਮਿੱਠੁਨ ਬਾਂਸਲ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ 2 ਸਤੰਬਰ ਦੀ ਰਾਤ ਨੂੰ ਚੋਰਾਂ ਨੇ ਗੈਸ ਏਜੰਸੀ ਦੇ ਦਫ਼ਤਰ ’ਚ ਦਾਖਲ ਹੋ ਕੇ ਕਾਊਂਟਰ ਦੇ ਗੱਲੇ ’ਚੋਂ ਨਕਦੀ ਤੇ ਸਿੱਕੇ ਚੋਰੀ ਕਰ ਲਏ ਸਨ। ਇਸ ਤੋਂ ਇਲਾਵਾ ਦਫ਼ਤਰ ’ਚ ਰੱਖੇ ਗੋਲਕ ਚੋਂ ਵੀ ਨਕਦੀ,ਸਿੱਕੇ ਤੇ ਸੀਸੀਟੀਵੀ ਕੈਮਰੇ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਕੈਮਰੇ ਨਾਲ ਜੁੜੀ ਸੈਮਸੰਗ ਕੰਪਨੀ ਦੀ ਐੱਲਸੀਡੀਜ ਵੀ ਚੋਰੀ ਕਰ ਲਈ ਗਈ ਸੀ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਵਾਰਦਾਤ ਨੂੰ ਗੋਲਡੀ ਕੁਮਾਰ ਪੁੱਤਰ ਜਗਵਿੰਦਰ ਪਾਲ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਢਿਲਵਾਂ ਰੋਡ ਤਪਾ ਨੇ ਅੰਜਾਮ ਦਿੱਤਾ ਹੈ। ਚੌਂਕੀ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ‘ਚ ਥਾਣੇਦਾਰ ਸਤਿਗੁਰ ਸਿੰਘ ਦੀ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਗੋਲਡੀ ਕੁਮਾਰ ਨੂੰ ਢਿਲਵਾਂ ਰੋਡ ਸਥਿਤ ਗੰਦੇ ਨਾਲੇ ਦੀ ਪਟੜੀ ਤੋਂ ਮੂੰਹ ਬੰਨ੍ਹੇ ਫਿਰ ਰਹੇ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਕੋਲੋਂ ਚੋਰੀ ਕੀਤੀਆਂ ਦੋ ਐੱਲਸੀਡੀਜ, ਕੁਝ ਚਾਂਦੀ ਦੇ ਸਿੱਕੇ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਅਨੁਸਾਰ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਚੋਰੀ ਦੀਆਂ ਹੋਰ ਵਾਰਦਾਤਾਂ ਸਬੰਧੀ ਵੀ ਜਾਣਕਾਰੀ ਮਿਲਣ ਦੀ ਉਮੀਦ ਹੈ। ਇਸ ਮੋਕੇ ਗੁਰਜੀਤ ਸਿੰਘ,ਗੁਰਮੇਲ ਸਿੰਘ ਆਦਿ ਪੁਲਸ ਮੁਲਾਜਮ ਵੀ ਹਾਜ਼ਰ ਸਨ।