- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਗੁਰੂਸਰ ਸਾਹਿਬ ਧਨੌਲਾ ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਸ਼ਰਧਾ ਨਾਲ ਸੰਪੰਨ

:: ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਦਿੱਤਾ ਹੋਕਾ
:: ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ, ਧਨੌਲਾ (ਬਰਨਾਲਾ) ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਅਸਥਾਨ ਦੇ ਮੁੱਖ ਸੇਵਾਦਾਰ ਤੇ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਨਸ਼ਿਆਂ ਦੀ ਲਾਹਣਤ ਵਿਰੁੱਧ ਜਨ-ਅੰਦੋਲਨ ਖੜ੍ਹਾ ਕਰਨ ਦਾ ਹੋਕਾ ਦਿੱਤਾ । ਸਮਾਗਮ ਦੌਰਾਨ ਰੂਹਾਨੀ ਕੀਰਤਨ ਦਰਬਾਰ ਕਰਵਾਇਆ, ਜਿਸ ’ਚ ਰਾਗੀ ਬੂਟਾ ਸਿੰਘ, ਭਾਈ ਰਣਜੀਤ ਸਿੰਘ ਤੇ ਗ੍ਰੰਥੀ ਭਾਈ ਮਨਪ੍ਰੀਤ ਸਿੰਘ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਦੱਸਿਆ ਕਿ ਇਹ ਪਵਿੱਤਰ ਅਸਥਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਇਤਿਹਾਸਕ ਧਰਤੀ ਹੈ, ਜਿੱਥੇ ਸੰਗਤਾਂ ਨੇ ਗੁਰੂ ਸਾਹਿਬ ਦੀ ਵੱਡੀ ਸੇਵਾ ਕੀਤੀ ਸੀ ਤੇ ਗੁਰੂ ਸਾਹਿਬ ਨੇ ਇਸ ਧਰਤੀ ਨੂੰ ਅਪਾਰ ਬਖ਼ਸ਼ਿਸ਼ਾਂ ਨਾਲ ਨਵਾਜਿਆ ਹੈ। ਕੌਮ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ 'ਤੇ ਚਿੰਤਾ ਪ੍ਰਗਟਾਉਂਦਿਆਂ ਸਿੰਘ ਸਾਹਿਬ ਨੇ ਕਿਹਾ, "ਅੱਜ ਜਿੱਥੇ ਅਸੀਂ ਗੁਰਮਤਿ ਸਮਾਗਮਾਂ ਰਾਹੀਂ ਰੂਹਾਨੀ ਸ਼ਕਤੀ ਪ੍ਰਾਪਤ ਕਰਨ ਲਈ ਇਕੱਤਰ ਹੁੰਦੇ ਹਾਂ, ਉੱਥੇ ਹੀ ਪੰਥ ਅਤੇ ਸਮਾਜ ਨੂੰ ਦਰਪੇਸ਼ ਗੰਭੀਰ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕਰਨਾ ਸਮੇਂ ਦੀ ਮੁੱਖ ਲੋੜ ਹੈ।’
ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪਨੀਰੀ ਨਸ਼ਿਆਂ ਦੇ ਦਲਦਲ ’ਚ ਧਸਦੀ ਜਾ ਰਹੀ ਹੈ, ਜਿਸ ਨੂੰ ਸੰਭਾਲਣਾ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਦਾ ਪੂਰਨ ਤੌਰ ’ਤੇ ਸਮਾਜਿਕ ਬਾਈਕਾਟ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਭਾਈ ਸਰਵਜੀਤ ਸਿੰਘ, ਭਾਈ ਪਰਵਿੰਦਰ ਸਿੰਘ ਆਦਿ ਹਾਜ਼ਰ ਸਨ ।