ਖੇਡਾਂ ਵਤਨ ਪੰਜਾਬ ਦੀਆਂ: ਅਰਦਾਸ ਕੌਰ ਨੇ 60 ਮੀਟਰ ਦੌੜ 'ਚ ਪੁੱਟੀਆਂ ਧੂੜਾਂ ਖੇਡਾਂ ਵਤਨ ਪੰਜਾਬ ਦੀਆਂ: 6 ਸਾਲ ਦੀ ਅਰਦਾਸ ਕੌਰ ਨੇ 60 ਮੀਟਰ ਦੌੜ 'ਚ ਪੁੱਟੀਆਂ ਧੂੜਾਂ
Publish Date: Sat, 12 Sep 2026 04:22 PM (IST)
Updated Date: Sun, 13 Sep 2026 04:02 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026 ( ਸੀਜ਼ਨ 4) ’ਚ ਛੋਟੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਇਸ ਦੀ ਮਿਸਾਲ ਹਨ ਬਲਾਕ ਸ਼ਹਿਣਾ ਦੀਆਂ ਖੇਡਾਂ, ਜਿਸ ’ਚ ਪੌਣੇ 6 ਸਾਲ ਦੀ ਅਰਦਾਸ ਕੌਰ ਨੇ ਅੰਡਰ 14 ’ਚ ਭਾਗ ਲੈ ਕੇ ਆਪਣੇ ਤੋਂ ਵੱਡੀ ਉਮਰ ਦੇ ਅਥਲੀਟਾਂ ਨੂੰ ਟੱਕਰ ਦਿੱਤੀ। ਖੇਡ ਵਿਭਾਗ ਦੇ ਕੋਚ ਹਰਨੇਕ ਸਿੰਘ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਬਲਾਕ ਸ਼ਹਿਣਾ ਦੇ ਮੁਕਾਬਲਿਆਂ ’ਚ ਅੰਡਰ 14 ਵਿਚ ਸਭ ਤੋਂ ਛੋਟੀ ਉਮਰ ਦੀ ਅਰਦਾਸ ਕੌਰ ( 6 ਸਾਲ), ਅਨੂੰ ਭਦੌੜ (7 ਸਾਲ) ਤੇ ਨਿਮਰਤ ਕੌਰ (7 ਸਾਲ) ਨੇ 60 ਮੀਟਰ ਦੌੜ ’ਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਅਰਦਾਸ ਕੌਰ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ’ਚ ਪ੍ਰੈਪ 3 ਦੀ ਵਿਦਿਆਰਥਣ ਹੈ ਜਦਕਿ ਅਨੂੰ ਭਦੌੜ ਜੋਕਿ ਮਜ਼ਦੂਰ ਪ੍ਰਵਾਸੀ ਪਰਿਵਾਰ ਤੋਂ ਹੈ, ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਜੰਗੀਕਾ ’ਚ ਪੜ੍ਹ ਰਹੀ ਹੈ। ਨਿਮਰਤ ਕੌਰ ਵੀ ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਜੰਗੀਕਾ ’ਚ ਪੜ੍ਹ ਰਹੀ ਹੈ ਤੇ ਇਹ ਪਿਛਲੇ ਕਰੀਬ 5 ਮਹੀਨਿਆਂ ਤੋਂ ਪਬਲਿਕ ਸਟੇਡੀਅਮ ਭਦੌੜ ’ਚ ਅਭਿਆਸ ਕਰ ਰਹੀਆਂ ਹਨ। ਅਰਦਾਸ ਕੌਰ ਵੀ ਜੂਨੀਅਰ ਫਿੱਟਨੈੱਸ ਕਲੱਬ ਭਦੌੜ ਰਾਹੀਂ ਪਿਛਲੇ ਕਰੀਬ 5 ਮਹੀਨਿਆਂ ਤੋਂ ਅਭਿਆਸ ਕਰ ਰਹੀ ਹੈ। ਉਹ ਜਿੱਥੇ ਸਪਾਟੇ/ ਡੰਡ ਲਗਾਉਣ ਦਾ ਰਿਕਾਰਡ ਬਣਾ ਚੁੱਕੀ ਹੈ, ਓਥੇ ਕਈ ਅੰਡਰ-6 ਮੁਕਾਬਲਿਆਂ ’ਚ ਪੁਜੀਸ਼ਨਾਂ ਹਾਸਲ ਕਰ ਚੁੱਕੀ ਹੈ। ਜ਼ਿਲ੍ਹਾ ਬਰਨਾਲਾ ’ਚ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਮਹਿਲ ਕਲਾਂ ਦੇ ਮੁਕਾਬਲਿਆਂ ’ਚ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਬਲਾਕ ਸ਼ਹਿਣਾ ਦੇ ਮੁਕਾਬਲਿਆਂ ’ਚ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।