ਲੁਧਿਆਣਾ ’ਚ ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਨੂੰ ਲੈ ਕੇ ਐੱਸਸੀ ਭਾਈਚਾਰੇ ’ਚ ਰੋਸ ਲੁਧਿਆਣਾ ’ਚ ਬੀਆਰ ਅੰਬੇਦਕਰ ਦੇ ਬੁੱਤ ਨਾਲ ਛੇੜਛਾਦੜ ਦੀ ਘਟਨਾ ਨੂੰ ਲੈ ਕੇ ਐੱਸਸੀ ਭਾਈਚਾਰੇ 'ਚ ਰੋਸ
Publish Date: Thu, 10 Sep 2026 04:59 PM (IST)
Updated Date: Fri, 11 Sep 2026 04:04 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪਿਛਲੇ ਦਿਨੀਂ ਲੁਧਿਆਣਾ ’ਚ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਬੀ ਵਾਪਰੀ ਘਟਨਾ ਨੂੰ ਲੈ ਕੇ ਸਮੂਹ ਐੱਸਸੀ ਭਾਈਚਾਰੇ ’ਚ ਭਾਰੀ ਰੋਸ ਹੈ। ਇਸ ਮਾਮਲੇ ਸਬੰਧੀ ਮਾਸਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਤਪਾ ਵਿਖੇ ਇੱਕ ਅਹਿਮ ਮੀਟਿੰਗ ਹੋਈ, ਜਿਸ ’ਚ ਸਰਕਾਰ ਤੇ ਪ੍ਰਸ਼ਾਸਨ ਤੋਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਮਾਸਟਰ ਸਰਬਜੀਤ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਦੀ ਬੇਅਦਬੀ ਸਿਰਫ਼ ਇੱਕ ਪ੍ਰਤਿਮਾ ਦਾ ਅਪਮਾਨ ਨਹੀਂ, ਇਹ ਸੰਵਿਧਾਨ, ਸਮਾਨਤਾ ਤੇ ਸਮਾਜਿਕ ਨਿਆਂ ਦੀਆਂ ਕਦਰਾਂ-ਕੀਮਤਾਂ ਦਾ ਅਪਮਾਨ ਹੈ। ਉਨ੍ਹਾਂ ਸਰਕਾਰ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ, ‘ਜੇਕਰ ਪੁਲਿਸ ਪ੍ਰਸ਼ਾਸਨ ਕੋਲ ਦੋਸ਼ੀਆਂ ਨੂੰ ਫੜਨ ਦੀ ਸਮਰੱਥਾ ਹੈ ਤਾਂ ਫਿਰ ਗ੍ਰਿਫ਼ਤਾਰੀ ਵਿਚ ਦੇਰੀ ਕਿਉਂ? ਸਰਕਾਰ ਦੱਸੇ ਕਿ ਦੋਸ਼ੀਆਂ ਨੂੰ ਕਦੋਂ ਤੱਕ ਕਾਨੂੰਨ ਦੇ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਬਿਆਨਾਂ ਤੇ ਭਰੋਸਿਆਂ ਤੱਕ ਸੀਮਤ ਨਾ ਰਹੇ, ਸਗੋਂ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ। ਮਾਸਟਰ ਸਰਬਜੀਤ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਐੱਸਸੀ ਭਾਈਚਾਰਾ ਚੁੱਪ ਨਹੀਂ ਬੈਠੇਗਾ ਤੇ ਲੋਕਤੰਤਰਿਕ ਤੇ ਸ਼ਾਂਤਮਈ ਢੰਗ ਨਾਲ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਨੇ ਦੇਸ਼ ਨੂੰ ਸੰਵਿਧਾਨ ਦੇ ਕੇ ਹਰ ਵਰਗ ਨੂੰ ਬਰਾਬਰੀ ਤੇ ਨਿਆਂ ਦਾ ਅਧਿਕਾਰ ਦਿੱਤਾ। ਇਸ ਲਈ ਉਨ੍ਹਾਂ ਨਾਲ ਜੁੜੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਕਿਸੇ ਵੀ ਘਟਨਾ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ। ਮੀਟਿੰਗ ’ਚ ਆਗੂਆਂ ਨੇ ਇਕਜੁੱਟ ਹੋ ਕੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ, ਸਖ਼ਤ ਕਾਨੂੰਨੀ ਕਾਰਵਾਈ ਤੇ ਘਟਨਾ ਦੀ ਪੂਰੀ ਜਾਂਚ ਯਕੀਨੀ ਬਣਾਈ ਜਾਵੇ। ਇਸ ਮੌਕੇ ਕੌਂਸਲਰ ਵਿਨੋਦ ਕੁਮਾਰ ਕਾਲਾ, ਕੌਂਸਲਰ ਜੋਨੀ ਕੁਮਾਰ, ਰਾਜ ਕੁਮਾਰ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ, ਸਿਕੰਦਰ ਕੁਮਾਰ ਪ੍ਰਧਾਨ ਸਫਾਈ ਸੇਵਕ ਯੂਨੀਅਨ, ਮੌਜੀ ਪੁਨੀਆ, ਮੋਹਿਤ ਕੁਮਾਰ ਮੇਸ਼ੀ ਸਮੇਤ ਹੋਰ ਸਮਾਜਿਕ ਆਗੂ ਤੇ ਐੱਸ.ਸੀ. ਭਾਈਚਾਰੇ ਦੇ ਨੁਮਾਇੰਦੇ ਹਾਜ਼ਰ ਸਨ।