- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲ ਭਿੱਖਿਆ ਦੇ ਖਾਤਮੇ ਲਈ ਐਂਟੀ ਬੈਗਿੰਗ ਟਾਸਕ ਫੋਰਸ ਵੱਲੋਂ ਮਹਿਲ ਕਲਾਂ 'ਚ ਕੀਤੀ ਚੈਕਿੰਗ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲਕਲਾਂ : ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ.ਏ.ਐੱਸ. ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਰੀਵਾਲ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਐਂਟੀ ਬੈਗਿੰਗ ਟਾਸਕ ਫੋਰਸ ਵੱਲੋਂ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਬਾਲ ਭਿੱਖਿਆ ’ਤੇ ਪੂਰਨ ਰੋਕ ਲਗਾਉਣ ਦੇ ਮੰਤਵ ਨਾਲ ‘ਪ੍ਰੋਜੈਕਟ ਜੀਵਨਜੋਤ 2.0’ ਤਹਿਤ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਹ ਅਭਿਆਨ ਸਿਹਤ ਵਿਭਾਗ, ਸਿੱਖਿਆ ਵਿਭਾਗ ਤੇ ਪੁਲਿਸ ਵਿਭਾਗ ਦੇ ਆਪਸੀ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਅਭਿਆਨ ਦੌਰਾਨ ਟਾਸਕ ਫੋਰਸ ਟੀਮ ਵੱਲੋਂ ਮਹਿਲ ਕਲਾਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਅਚਨਚੇਤ ਚੈਕਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਚੈਕਿੰਗ ਦੌਰਾਨ ਟੀਮ ਨੂੰ ਇੱਕ ਬੱਚਾ ਭੀਖ ਮੰਗਦਾ ਹੋਇਆ ਪਾਇਆ ਗਿਆ। ਚੈਕਿੰਗ ਦੌਰਾਨ ਸਮੂਹ ਟੀਮ ਵੱਲੋਂ ਆਮ ਲੋਕਾਂ ਨੂੰ ਬਾਲ ਭਿੱਖਿਆ ਸਬੰਧੀ ਬਣੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਗਿਆ। ਟੀਮ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਭਵਿੱਖ ’ਚ ਕਿਤੇ ਵੀ ਕੋਈ ਬੱਚਾ ਭੀਖ ਮੰਗਦਾ ਨਜ਼ਰ ਆਉਂਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਚਾਈਲਡ ਲਾਈਨ ਦੇ ਟੋਲ-ਫ਼ਰੀ ਨੰਬਰ 1098 ’ਤੇ ਜਾਂ ਸਬੰਧਤ ਵਿਭਾਗ ਨੂੰ ਦਿੱਤੀ ਜਾਵੇ। ਚੈਕਿੰਗ ਟੀਮ ’ਚ ਤਰਲੋਕ ਸਿੰਘ (ਸਿੱਖਿਆ ਵਿਭਾਗ), ਭਰਮ ਸਿੰਘ (ਸਿਹਤ ਵਿਭਾਗ), ਪ੍ਰਗਟ ਸਿੰਘ (ਪੁਲਿਸ ਵਿਭਾਗ) ਬਲਵਿੰਦਰ ਸਿੰਘ ਧਲੇਵਾਂ (ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਬਰਨਾਲਾ) ਤੋਂ ਮੌਜੂਦ ਸਨ।