ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਦੇਸ਼ ਗਹਿਣੇ ਰੱਖਿਆ : ਸ਼ੁਭਮ ਸ਼ਰਮਾ ਭਾਜਪਾ ਦੀ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਦੇਸ਼ ਗਹਿਣੇ ਰੱਖ ਦਿੱਤਾ-ਸ਼ੁਭਮ ਸ਼ਰਮਾ
Publish Date: Mon, 07 Sep 2026 06:54 PM (IST)
Updated Date: Tue, 08 Sep 2026 04:05 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਦੇਸ਼ ’ਚ ਖਾਧ ਪਦਾਰਥਾਂ ਦੀਆਂ ਕੀਮਤਾਂ ’ਚ ਵਾਧਾ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸਗੋਂ ਇਹ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦੀ ਦੇਸ਼ ਨੂੰ ਵੇਚਣ ਦੀ ਇੱਕ ਨੀਤੀ ਦਾ ਹਿੱਸਾ ਹੀ ਹੈ। ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਲਈ ਭਾਜਪਾ ਨੇ ਦੇਸ਼ ਨੂੰ ਇਨ੍ਹਾਂ ਵੱਡੇ ਘਰਾਣਿਆਂ ਕੋਲ ਗਹਿਣੇ ਰੱਖ ਦਿੱਤਾ ਹੈ ਤੇ ਇਹ ਵੱਡੇ ਵਿੱਤੀ ਘਰਾਣੇ ਆਪਣੇ ਆਰਥਿਕ ਲਾਭ ਦੀ ਖ਼ਾਤਰ ਆਪਣੇ ਉਤਪਾਦਨ ਨੂੰ ਮਨਮਰਜ਼ੀ ਦੀਆਂ ਕੀਮਤਾਂ ਤੇ ਵੇਚ ਕੇ ਲੋਕਾਂ ਦਾ ਕਚੂੰਮਰ ਕੱਢ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਨੇ ਬਰਨਾਲਾ ਵਿਖੇ ਯੂਥ ਕਾਂਗਰਸ ਵੱਲੋਂ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਇੱਕ ਵੱਡੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਸ਼ੁਭਮ ਸ਼ਰਮਾ ਨੇ ਕਿਹਾ ਕਿ ਲੋਕਾਂ ਦਾ ਲੱਕ ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਤੋੜਿਆ ਹੋਇਆ ਹੈ ਪ੍ਰੰਤੂ ਪ੍ਰਧਾਨ ਮੰਤਰੀ ਮੋਦੀ ਆਪਣੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਮਿੱਤਰਾਂ ਨੂੰ ਖੁਸ਼ ਕਰਨ ’ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ ਦੀਆਂ ਬੇਸ਼ਕੀਮਤੀ ਚੀਜ਼ਾਂ ਨੂੰ ਜਾਂ ਤਾਂ ਵੇਚ ਦਿੱਤਾ ਹੈ ਜਾਂ ਫਿਰ ਗਹਿਣੇ ਰੱਖ ਦਿੱਤਾ ਹੈ ਅਤੇ ਜੇਕਰ ਭਾਜਪਾ ਦੀ ਸਰਕਾਰ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਨਾ ਕੀਤਾ ਗਿਆ ਤਾਂ ਇੱਕ ਦਿਨ ਭਾਜਪਾ ਸਾਰਾ ਦੇਸ਼ ਹੀ ਗਹਿਣੇ ਧਰ ਦੇਵੇਗੀ। ਸ਼ੁਭਮ ਸ਼ਰਮਾ ਨੇ ਕਿਹਾ ਕਿ ਭਾਜਪਾ ਦੀ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਪ੍ਰਤੀ ਪ੍ਰਗਟਾਈ ਭਾਵਨਾ ਤੋਂ ਇਸ ਸਾਫ਼ ਹੋ ਗਿਆ ਹੈ ਕਿ ਭਾਜਪਾ ਦਲਿਤ ਵਿਰੋਧੀ ਪਾਰਟੀ ਹੈ ਜਿਹੜੀ ਦੇਸ਼ ਵਿੱਚੋਂ ਘੱਟ ਗਿਣਤੀ ਤੇ ਦਲਿਤਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ। ਸੁਭਮ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਇੱਕ ਕਾਲੇ ਰੰਗ ਦੀ ਝੰਡੀ ਤੋਂ ਡਰਦੇ ਹਨ ਪ੍ਰੰਤੂ ਹੁਣ ਯੂਥ ਕਾਂਗਰਸ ਦੇ ਵਰਕਰ ਪੰਜਾਬ ਦੇ ਹਰੇਕ ਕੋਨੇ ’ਚ ਭਗਵੰਤ ਮਾਨ ਦਾ ਸੈਂਕੜੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਸੀਨੀਅਰ ਆਗੂ ਅਰੁਣਪ੍ਰਤਾਪ ਸਿੰਘ ਢਿੱਲੋਂ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਕੋਈ ਅਚਾਨਕ ਵਰਤਾਰਾ ਨਹੀਂ ਸਗੋਂ ਇਹ ਭਾਜਪਾ ਦੀ ਗਿਣੀਮਿਥੀ ਸਾਜਿਸ਼ ਹੈ ਜਿਸ ਤਹਿਤ ਆਪ ਲੋਕਾਂ ਨੂੰ ਮਹਿੰਗਾਈ ਦੀ ਚੱਕੀ ’ਚ ਪੀਸਿਆ ਜਾ ਰਿਹਾ ਹੈ ਤਾਂ ਜੋ ਲੋਕ ਆਪਣੇ ਘਰੇਲੂ ਖਰਚਿਆਂ ’ਚ ਹੀ ਉਲਝੇ ਰਹਿਣ ਤੇ ਭਾਜਪਾ ਦੀਆਂ ਦੇਸ਼ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਨਾ ਬੋਲਣ। ਏਪੀ ਸਿੰਘ ਢਿੱਲੋ ਨੇ ਕਿਹਾ ਕਿ ਯੂਥ ਕਾਂਗਰਸ ਭਾਜਪਾ ਦੀ ਮੋਦੀ ਸਰਕਾਰ ਦੀਆਂ ਦੇਸ਼ ਤੇ ਗਰੀਬ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਡੱਟ ਕੇ ਸਾਰੇ ਪੰਜਾਬ ਚ ਰੋਸ ਪ੍ਰਦਰਸ਼ਨ ਕਰੇਗੀ ਤੇ ਲੋਕਾਂ ਨੂੰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਖਾਤਰ ਜਾਗਰੂਕ ਕਰੇਗੀ। ਏਪੀ ਢਿੱਲੋ ਨੇ ਕਿਹਾ ਕਿ ਭਾਜਪਾ ਦੇ ਰਾਜ ’ਚ ਬੇਰੁਜ਼ਗਾਰਾਂ ਦੀ ਗਿਣਤੀ ’ਚ ਅਥਾਹ ਵਾਧਾ ਹੋਇਆ ਹੈ ਤੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਡਾਰਾਂ ਹੱਥ ’ਚ ਡਿਗਰੀਆਂ ਫੜੀ ਨੌਕਰੀ ਦੀ ਭਾਲ ’ਚ ਇਧਰੋਂ ਉਧਰ ਭਟਕ ਰਹੀਆਂ ਹਨ। ਪੰਜਾਬ ਯੂਥ ਕਾਂਗਰਸ ਦੇ ਇਸ ਰੋਸ ਪ੍ਰਦਰਸ਼ਨ ’ਚ ਉਚੇਚੇ ਤੌਰ ’ਤੇ ਸ਼ਮੂਲੀਅਤ ਕਰ ਰਹੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਲਿਕਾਰੁਜਨ ਖੜਗੇ ਦੇ ਸਮਾਗਮ ਵਾਲੀ ਜਗ੍ਹਾ ਦੇ ਸ਼ੁੱਧੀਕਰਨ ਦੀ ਘਟਨਾ ਨੇ ਭਾਜਪਾ ਦੀ ਦਲਿਤ ਵਿਰੋਧੀ ਸੋਚ ਉਜਾਗਰ ਕਰ ਦਿੱਤੀ ਹੈ ਅਤੇ ਹੁਣ ਦੇਸ਼ ਦੇ ਦਲਿਤ ਭਾਜਪਾ ਨੂੰ ਸਬਕ ਸਿਖਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਭਾਜਪਾ ਪੰਜਾਬ ਚ ਸੱਤਾ ’ਤੇ ਕਬਜ਼ਾ ਕਰਨ ਦੇ ਸੁਪਨੇ ਲੈ ਰਹੀ ਹੈ ਪ੍ਰੰਤੂ ਪੰਜਾਬ ਦੇ ਅਣਖੀਲੇ ਲੋਕ ਭਾਜਪਾ ਦਾ ਇਹ ਸੁਪਨਾ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਸਥਾਨਕ ਕਚਹਿਰੀ ਚੌਂਕ ’ਚ ਰੋਸ ਪ੍ਰਦਰਸ਼ਨ ਤੋਂ ਬਾਅਦ ਯੂਥ ਕਾਂਗਰਸ ਦੇ ਵਰਕਰਾਂ ਨੇ ਵੱਡੀ ਗਿਣਤੀ ’ਚ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਤੇ ਕੋਠੀ ਅੱਗੇ ਭਾਜਪਾ ਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਗਗਨਦੀਪ ਜਲਾਲਪੁਰ, ਜ਼ਿਲਾ ਪ੍ਰਧਾਨ ਜਸਕਰਨ ਸਿੰਘ ਸੰਧੂ, ਸੁਖਜਿੰਦਰ ਧਾਲੀਵਾਲ ਹਰਮਨ ਸੇਖੋਂ,ਪਰਮਿੰਦਰ ਲੱਡਾ, ਸੋਨਾ ਖੈਲਾ, ਬਿੰਨੀ, ਕੁਲਦੀਪ ਧਨੌਲਾ, ਮਨੀ ਗਰਗ, ਜਿੰਦੂ ਧਾਲੀਵਾਲ, ਗੁਰੀ ਔਲਖ, ਜੈਕੀ ਚੱਠਾ, ਹੈਰੀ ਚੱਠਾ, ਜੱਗੀ ਭੱਠਲ, ਬਿੰਦਰੀ ਭਦੌੜ, ਪਰਮ ਪਵਾਰ, ਬੱਗਾ ਹਰੀਗੜ, ਗਗਨਦੀਪ ਹੰਡਿਆਇਆ, ਨਰਿੰਦਰ ਨਿੰਦਾ, ਗੌਰਵ ਜਿੰਦਲ, ਲੱਕੀ ਕੰਡਾ, ਸਾਹਿਲ ਚਾਵਲਾ ਅਤੇ ਸੁਖ ਨੰਗਲ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਯੂਥ ਕਾਂਗਰਸ ਦੇ ਵਰਕਰ ਵੀ ਹਾਜ਼ਰ ਸਨ।