- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜਿਕ-ਆਰਥਿਕ ਮਰਦਮਸ਼ੁਮਾਰੀ ਦੇ ਸਰਵੇਖਣ ਕਰਨ ਵਾਲਿਆਂ ਨੇ ਮਾਣ ਭੱਤੇ ਲਈ ਖੋਲ੍ਹਿਆ ਮੋਰਚਾ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਸਮਾਜਿਕ-ਆਰਥਿਕ ਮਰਦਮਸ਼ੁਮਾਰੀ 2026 ਨਾਲ ਸਬੰਧਤ ਸਰਵੇਖਣ ਦਾ ਕੰਮ ਕਰਨ ਵਾਲੇ ਸਰਵੇਖਣਕਰਤਾਵਾਂ ਵੱਲੋਂ ਆਪਣਾ ਬਣਦਾ ਮਾਣ ਭੱਤਾ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਸਬ-ਡਿਵੀਜ਼ਨ ਮਹਿਲ ਕਲਾਂ ਦੇ ਐਸਡੀਐਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਅਧਿਆਪਕਾ ਮੈਡਮ ਸਰਬਜੀਤ ਕੌਰ ਹਮੀਦੀ ਨੇ ਕੀਤੀ।ਇਸ ਮੌਕੇ ਸਰਵੇਖਣਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਈ 2026 ਤੋਂ ਸਰਵੇਖਣ ਦਾ ਕੰਮ ਸ਼ੁਰੂ ਕਰਕੇ ਜੁਲਾਈ ਮਹੀਨੇ ਤੱਕ ਆਪਣੀ ਡਿਊਟੀ ਪੂਰੀ ਕਰ ਦਿੱਤੀ ਗਈ ਸੀ। ਸਰਵੇਖਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਅੱਜ ਤੱਕ ਉਨ੍ਹਾਂ ਨੂੰ ਬਣਦਾ ਮਾਣ ਭੱਤਾ ਨਹੀਂ ਮਿਲਿਆ।ਸਰਵੇਖਣਕਰਤਾਵਾਂ ਨੇ ਦੱਸਿਆ ਕਿ ਅੱਜ ਉਹ ਆਪਣਾ ਸਾਰਾ ਸਰਵੇਖਣ ਸਬੰਧੀ ਸਮਾਨ ਤੇ ਰਿਕਾਰਡ ਜਮ੍ਹਾਂ ਕਰਵਾਉਣ ਲਈ ਐੱਸਡੀਐੱਮ ਦਫ਼ਤਰ ਮਹਿਲ ਕਲਾਂ ਵਿਖੇ ਪਹੁੰਚੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਵੱਲੋਂ ਬਕਾਇਆ ਪੇਮੈਂਟ ਸਬੰਧੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਸਰਵੇਖਣਕਰਤਾਵਾਂ ਨੇ ਰੋਸ ਪ੍ਰਗਟ ਕਰਦਿਆਂ ਸਰਕਾਰ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਬਣਦਾ ਮਾਣ ਭੱਤਾ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਬਕਾਇਆ ਅਦਾਇਗੀ ਤੁਰੰਤ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ ।ਇਸ ਮੌਕੇ ਸਰਬਜੀਤ ਕੌਰ, ਹਰਜੀਤ ਕੌਰ,ਲੱਛਮੀ ਕੌਰ, ਗਗਨਦੀਪ ਕੌਰ, ਵੀਰਪਾਲ ਕੌਰ, ਪੰਮੀ ਕੌਰ, ਪ੍ਰੇਮ ਉਰਫ਼ ਪ੍ਰੇਮਜੀਤ ਕੌਰ, ਜਸਵੀਰ ਕੌਰ, ਪਰਮਜੀਤ ਕੌਰ,ਮਹਿੰਦਰਪਾਲ ਹੇਰੀ, ਅਮਨਦੀਪ ਕੌਰ ਗਹਿਲ, ਰਵਿੰਦਰ ਕੌਰ, ਅਮਨਜੀਤ ਕੌਰ ਤੇ ਗੁਰਪ੍ਰੀਤ ਕੌਰ ਸਮੇਤ ਹੋਰ ਸਰਵੇਖਣਕਰਤਾ ਹਾਜ਼ਰ ਸਨ।
------
ਬਕਾਇਆ ਅਦਾਇਗੀ ਜਲਦ ਹੋਣਗੀਆਂ ਜਾਰੀ : ਐੱਸਡੀਐੱਮ
ਇਸ ਸਬੰਧੀ ਸਬ ਡਿਵੀਜ਼ਨ ਮਹਿਲ ਕਲਾਂ ਦੇ ਐੱਸਡੀਐੱਮ ਬੇਅੰਤ ਸਿੰਘ ਸਿੱਧੂ ਨੇ ਸੰਪਰਕ ਕਰਨ ’ਤੇ ਕਿਹਾ ਕਿ ਤਿੰਨ ਅਦਾਇਗੀਆਂ ਤਾਂ ਪਹਿਲਾਂ ਹੀ ਖਾਤਿਆਂ ’ਚ ਪੈ ਚੁੱਕੀਆਂ ਹਨ ਤੇ ਬਕਾਇਆ ਅਦਾਇਗੀਆਂ ਦੀ ਰਾਸ਼ੀ ਵੀ ਛੇਤੀ ਜਾਰੀ ਕੀਤੀ ਜਾਵੇ।