- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸ.ਆਈ.ਆਰ 2026: ਰੋਲ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਦੌਰਾ

:: ਰੋਲ ਆਬਜ਼ਰਵਰ ਨੇ ਡਿਪਟੀ ਕਮਿਸ਼ਨਰ, ਈ.ਆਰ.ਓਜ਼ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਸਮੀਖਿਆ ਮੀਟਿੰਗ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.)-2026 ਦੀ ਪ੍ਰਕਿਰਿਆ ਨੂੰ ਸੁਚੱਜੇ, ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ. ਨੂੰ ਬਰਨਾਲਾ ਜ਼ਿਲ੍ਹੇ ਲਈ ਰੋਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਆਈ ਏ ਐੱਸ, ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓਜ਼) ਤੇ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਲੋਕ ਪ੍ਰਤੀਨਿਧੀਆਂ ਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਰੋਲ ਆਬਜ਼ਰਵਰ ਨੇ ਐਸ.ਆਈ.ਆਰ.-2026 ਦੇ ਨੋਟਿਸ ਪੜਾਅ, ਪ੍ਰਾਪਤ ਦਾਅਵਿਆਂ ਤੇ ਇਤਰਾਜ਼ਾਂ, ਉਨ੍ਹਾਂ ਦੇ ਨਿਪਟਾਰੇ ਅਤੇ ਵੋਟਰ ਸੂਚੀਆਂ ਦੀ ਤਸਦੀਕ ਸਬੰਧੀ ਹੁਣ ਤੱਕ ਹੋਈ ਕਾਰਵਾਈ ਦਾ ਜਾਇਜ਼ਾ ਲਿਆ।
ਰੋਲ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐੱਸਆਈਆਰ ਦਾ ਮੁੱਖ ਮੰਤਵ ਸਹੀ, ਸ਼ੁੱਧ ਤੇ ਤਰੁੱਟੀ-ਰਹਿਤ ਵੋਟਰ ਸੂਚੀਆਂ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਯੋਗ ਵੋਟਰ ਦਾ ਨਾਮ ਵੋਟਰ ਸੂਚੀ ’ਚ ਦਰਜ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਅਯੋਗ ਵਿਅਕਤੀ ਦਾ ਨਾਮ ਸੂਚੀ ਵਿੱਚ ਸ਼ਾਮਿਲ ਨਾ ਹੋਵੇ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਬਰਨਾਲਾ ਦੀ ਸੁਣਵਾਈ ਪ੍ਰਕਿਰਿਆ ’ਚ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕੱਲ੍ਹ ਦੀ ਰਿਪੋਰਟ ਅਨੁਸਾਰ ਜ਼ਿਲ੍ਹਾ ਬਰਨਾਲਾ ਸੁਣਵਾਈ ਦੇ ਮਾਮਲੇ ’ਚ ਪਹਿਲੇ ਤਿੰਨ ਜ਼ਿਲ੍ਹਿਆਂ ’ਚ ਸ਼ਾਮਲ ਹੈ। ਉਨ੍ਹਾਂ ਜ਼ਿਲ੍ਹਾ ਚੋਣ ਅਫ਼ਸਰ, ਜ਼ਿਲ੍ਹੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓਜ਼) ਤੇ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਮੀਖਿਆ ਮੀਟਿੰਗ ਕਰਨ ਮਗਰੋਂ ਵੋਟਰਾਂ ਦੀ ਸਹੂਲਤ ਲਈ ਲਾਏ ਕੈਂਪਾਂ ਦਾ ਦੌਰਾ ਕੀਤਾ। ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ ਤੇ ਹੰਡਿਆਇਆ ਸਕੂਲ ਵਿਖੇ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਦਾਅਵੇ ਤੇ ਇਤਰਾਜ਼ਾਂ ਦੀ ਚੱਲ ਰਹੀ ਪ੍ਰਕਿਰਿਆ, ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਤੇ ਹੋਰ ਸੇਵਾਵਾਂ ਦਾ ਜਾਇਜ਼ਾ ਲਿਆ ਤੇ ਬੀਐਲਓਜ਼ ਨੂੰ ਨਿਰਦੇਸ਼ ਦਿੱਤੇ ਕਿ ਕੋਈ ਵੀ ਯੋਗ ਵੋਟਰ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।