- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਨਿਕਲੀ ਫੂਕ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਪੰਜਾਬ ਸਰਕਾਰ ਦੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ, ਜਦੋਂ ਖੇਤੀ ਸੈਕਟਰ ਨੂੰ ਪੂਰੀ ਬਿਜਲੀ ਸਪਲਾਈ ਨਾ ਮਿਲਣ ਤੋਂ ਨਾਰਾਜ਼ ਪਿੰਡ ਦਰਾਜ ਦੀ ਕਿਸਾਨ ਜਥੇਬੰਦੀ ਨੇ ਤਪਾ ਬਿਜਲੀ ਗਰਿਡ ਘੇਰ ਕੇ ਧਰਨਾ ਲਗਾ ਦਿੱਤਾ ਤੇ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਰਾਜ ਪਿੰਡ ਇਕਾਈ ਦੇ ਪ੍ਰਧਾਨ ਬਲਦੇਵ ਸਿੰਘ, ਖਜਾਨਚੀ ਅੰਗਰੇਜ਼ ਸਿੰਘ, ਭੁਪਿੰਦਰ ਸਿੰਘ, ਬਿੰਦਰ ਸਿੰਘ, ਬੇਅੰਤ ਸਿੰਘ, ਗੁਰਦਾਸ ਸਿੰਘ, ਗੁਰਚਰਨ ਸਿੰਘ ਆਦਿ ਕਿਸਾਨਾਂ ਦਾ ਕਹਿਣਾ ਸੀ ਕਿ ਮਾੜੀ ਬਿਜਲੀ ਸਪਲਾਈ ਕਾਰਨ ਜਿੱਥੇ ਖੇਤਾਂ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ ਉੱਥੇ ਬਿਜਲੀ ਦੀ ਘਾਟ ਕਾਰਨ ਪਾਣੀ ਤੋਂ ਬਿਨਾਂ ਫ਼ਸਲਾਂ ਦੇ ਖ਼ਰਾਬ ਹੋਣ ਦਾ ਉਨ੍ਹਾਂ ਨੂੰ ਭਾਰੀ ਖ਼ਦਸ਼ਾ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਤੇ ਸਰਕਾਰ ਦੇ ਨੁਮਾਇਦਿਆਂ ਵੱਲੋਂ ਰੋਜ਼ਾਨਾ ਸੂਬੇ ਦੇ ਕਿਸਾਨਾਂ ਨੂੰ ਖੇਤੀਬਾੜੀ ਲਈ ਅੱਠ ਘੰਟੇ ਬਿਜਲੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪਿਛਲੇ ਲੱਗਭੱਗ ਇੱਕ ਮਹੀਨੇ ਤੋਂ ਖੇਤੀਬਾੜੀ ਲਈ ਕੇਵਲ ਤਿੰਨ ਤੋਂ ਚਾਰ ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ,ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ ਅੱਠ ਘੰਟਿਆਂ ਦੀ ਥਾਂ ਚਾਰ ਪੰਜ ਘੰਟੇ ਬਿਜਲੀ ਸਪਲਾਈ ਦੇ ਕੇ ਵਿਭਾਗ ਵੱਲੋਂ ਬੁੱਤਾ ਸਾਰਿਆ ਜਾ ਰਿਹਾ ਹੈ। ਅਜਿਹੇ ਹਾਲਾਤਾਂ ’ਚ ਮਜਬੂਰੀ ਵੱਸ ਉਨ੍ਹਾਂ ਨੂੰ ਤਿੱਖੜ ਦੁਪਹਿਰੇ ਕੰਮ ਕਾਰ ਛੱਡ ਕੇ ਧਰਨਾ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਝੋਨੇ ਦੀ ਫਸਲ ਨੂੰ ਪਾਣੀ ਨਾ ਮਿਲਣ ਕਰਕੇ ਉਨ੍ਹਾਂ ਦੀਆਂ ਫਸਲਾਂ ਸੁੱਕਣ ਲੱਗ ਪਈਆਂ ਹਨ। ਉਨ੍ਹਾਂ ਆਖਿਆ ਕਿ ਘੱਟ ਬਿਜਲੀ ਸਪਲਾਈ ਮਿਲਣ ਤੇ ਬਾਰਿਸ਼ ਨਾ ਹੋਣ ਕਾਰਨ ਪਹਿਲਾਂ ਹੀ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਨੇ ਸੂਬਾ ਸਰਕਾਰ ਤੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਕਿਸਾਨਾਂ ਨੂੰ ਪੂਰੀ ਅੱਠ ਘੰਟੇ ਨਿਰੰਤਰ ਬਿਜਲੀ ਦੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਮੁੱਖ ਮਾਰਗ ਤੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਜਦ ਇਸ ਸਬੰਧੀ ਪਾਵਰਕਾਮ ਤਪਾ -1 ਦੇ ਐਸ.ਡੀ.ਓ ਰਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੱਛੋਂ ਤੋਂ ਹੀ ਪਾਵਰਕੱਟ ਲੱਗਣ ਕਾਰਨ ਬਿਜਲੀ ਦੀ ਇਹ ਸਮੱਸਿਆ ਆ ਰਹੀ ਹੈ। ਫਿਰ ਵੀ ਉਹ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਕੇ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਵਾਉਣਗੇ। ਇਸ ਮੌਕੇ ਜਥੇਬੰਦੀ ਦੇ ਰੇਸ਼ਮ ਸਿੰਘ, ਸਤਨਾਮ ਸਿੰਘ, ਜਗਸੀਰ ਸਿੰਘ, ਬੂਟਾ ਸਿੰਘ, ਮਨੀ ਸਿੰਘ ਬਹੁਤ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ।