ਨਕਲੀ ਸ਼ਰਾਬ ਦੀ ਵੱਡੀ ਖੇਪ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ ਠੁੱਲੀਵਾਲ ਪੁਲਿਸ ਵੱਲੋਂ ਨਕਲੀ ਸ਼ਰਾਬ ਦੀ ਵੱਡੀ ਖੇਪ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
Publish Date: Thu, 03 Sep 2026 04:04 PM (IST)
Updated Date: Fri, 04 Sep 2026 04:01 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਠੁੱਲੀਵਾਲ ਪੁਲਿਸ ਨੇ ਇੱਕ ਵਿਅਕਤੀ ਨੂੰ ਭਾਰੀ ਮਾਤਰਾ ’ਚ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਕੋਲੋਂ ਪਹਿਲਾਂ 40 ਪੇਟੀਆਂ (480 ਬੋਤਲਾਂ) ਤੇ ਪੁੱਛਗਿੱਛ ਦੌਰਾਨ ਹੋਰ 20 ਪੇਟੀਆਂ (240 ਬੋਤਲਾਂ) ਸ਼ਰਾਬ ਬਰਾਮਦ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਮਹਿਲ ਕਲਾਂ ਸਤਵਿੰਦਰ ਸਿੰਘ ਤੇ ਥਾਣਾ ਮੁੱਖ ਅਫਸਰ ਅਜੈਬ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ (ਆਈ.ਪੀ.ਐੱਸ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। 1 ਸਤੰਬਰ ਨੂੰ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ’ਚ ਬੱਸ ਸਟੈਂਡ ਹਮੀਦੀ ਵਿਖੇ ਮੌਜੂਦ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮਨਜਿੰਦਰ ਸਿੰਘ ਵਾਸੀ ਸਹੋਰ ਆਪਣੇ ਸਾਥੀ ਰੁਪਿੰਦਰ ਸਿੰਘ ਵਾਸੀ ਖੁੱਡੀ ਰੋਡ, ਬਰਨਾਲਾ ਤੇ ਹੋਰ ਸਾਥੀਆਂ ਨਾਲ ਮਿਲਕੇ ਬਾਹਰੋਂ ਡੁਪਲੀਕੇਟ ਸ਼ਰਾਬ ਲਿਆ ਕੇ ਲੋਕਾਂ ਨੂੰ ਅਸਲ ਸ਼ਰਾਬ ਦੱਸ ਕੇ ਵੇਚਣ ਦਾ ਕੰਮ ਕਰਦਾ ਹੈ। ਪੁਲਿਸ ਟੀਮ ਵੱਲੋਂ ਕੀਤੀ ਕਾਰਵਾਈ ਦੌਰਾਨ ਪਿੰਡ ਹਮੀਦੀ ਤੋਂ ਗੁਰਦੁਆਰਾ ਜੰਡਸਰ ਸਾਹਿਬ ਨੂੰ ਜਾਂਦੀ ਸੜਕ ’ਤੇ ਸੂਏ ਦੀ ਪੱਟੜੀ ਨੇੜਿਓਂ ਮਨਜਿੰਦਰ ਸਿੰਘ ਉਰਫ਼ ਡਾਕਟਰ ਨੂੰ ਗੱਡੀ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੇ ਗੱਡੀ ਵਿੱਚੋਂ 40 ਪੇਟੀਆਂ, ਕੁੱਲ 480 ਬੋਤਲਾਂ, ਸ਼ਰਾਬ ਠੇਕਾ ਦੇਸੀ ਮਾਰਕਾ ‘ਜਨਤ ਮਸਤ ਸੌਫੀ ਮਸਾਲੇਦਾਰ ਦੇਸੀ ਸ਼ਰਾਬ ਫਾਰ ਸੇਲ ਇਨ ਚੰਡੀਗੜ੍ਹ’ ਬਰਾਮਦ ਕੀਤੀ ਗਈ । ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਹੋਰ 20 ਪੇਟੀਆਂ, ਕੁੱਲ 240 ਬੋਤਲਾਂ ਉਕਤ ਮਾਰਕੇ ਦੀ ਸ਼ਰਾਬ ਬਰਾਮਦ ਕਰਵਾਈ ਗਈ ਹੈ। ਪੁਲਿਸ ਅਨੁਸਾਰ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਤੇ ਸ਼ਰਾਬ ਦੀ ਸਪਲਾਈ ਦੇ ਸਰੋਤ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।