- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੋਲਾ ਵਿਰਕ ਪਹੁੰਚੇ ਰਾਮੂਵਾਲੀਏ ਦਾ ਹਾਲ-ਚਾਲ ਪੁੱਛਣ

-- ‘ਤੁਸੀਂ ਛੇਤੀ ਰਾਜ਼ੀ-ਬਾਜ਼ੀ ਹੋ ਕੇ ਮੁੜ ਮੈਦਾਨ 'ਚ ਆਵੋ’ - ਵਿਰਕ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਇਲਾਕੇ ਦੇ ਮੰਨੇ-ਪ੍ਰਮੰਨੇ ਸਮਾਜ ਸੇਵੀ, ਸਟੇਟ ਐਵਾਰਡੀ ਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਹੋਰਾਂ ਦੱਸਿਆ ਕਿ ਉਹ ਆਪਣੇ ਨਾਲਦਿਆਂ ਸਮੇਤ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਾ ਹਾਲ-ਚਾਲ ਜਾਣਨ ਉਨ੍ਹਾਂ ਦੀ ਮੁਹਾਲੀ ਸੈਕਟਰ-63, ਕੋਠੀ ਨੰਬਰ 53 ਆਲੀ ਰਹਾਇਸ਼ ’ਤੇ ਗਏ। ਰਾਮੂਵਾਲੀਆ ਹੋਰੀਂ ਪਿੱਛੇ ਜੇ ਤੋਂ ਥੋੜ੍ਹਾ ਢਿੱਲੇ-ਮੱਠੇ ਚੱਲ ਰਹੇ ਸੀ, ਪਰ ਹੁਣ ਓਹ ਰੱਬ ਦੀ ਮਿਹਰ ਨਾਲ ਜਮਾਂ ਰਾਜ਼ੀ-ਬਾਜ਼ੀ ਤੇ ਚੜ੍ਹਦੀ ਕਲਾ ’ਚ ਹਨ। ਇਸ ਮੌਕੇ ਭੋਲਾ ਸਿੰਘ ਵਿਰਕ ਨਾਲ ਜਸਵੀਰ ਸਿੰਘ ਲੁਹਾਰਾ, ਪਰਮਜੀਤ ਸਿੰਘ ਸਿੱਧਵਾਂ ਤੇ ਉਜਾਗਰ ਸਿੰਘ ਬੱਦੋਵਾਲ ਵੀ ਉਚੇਚੇ ਤੌਰ 'ਤੇ ਨਾਲ ਪਹੁੰਚੇ। ਸਾਥੀਆਂ ਨੂੰ ਵੇਖ ਕੇ ਗੱਦ-ਗੱਦ ਹੋਏ ਰਾਮੂਵਾਲੀਆ ਹੋਰਾਂ ਖੁਸ਼ੀ ਜਤਾਉਂਦਿਆਂ ਆਖਿਆ, ‘ਅੱਜ ਦਾ ਦਿਨ ਮੇਰੀ ਜਿੰਦਗੀ ਦਾ ਸਭ ਤੋਂ ਵੱਡਾ ਖੁਸ਼ੀ ਆਲਾ ਦਿਨ ਐ। ਬਰਨਾਲੇ ਜ਼ਿਲ੍ਹੇ ਦਾ ਮਾਣ ਭੋਲਾ ਸਿੰਘ ਵਿਰਕ ਤੇ ਮੇਰੇ ਜਿਗਰੀ ਯਾਰ, ਜੋ ਮੇਰੇ ਹਰ ਦੁੱਖ-ਸੁੱਖ ਦੇ ਭਾਈਵਾਲ ਨੇ, ਅੱਜ ਮੈਨੂੰ ਮਿਲਣ ਆਏ ਨੇ। ਇਹ ਮੇਰੀਆਂ ਸੱਜੀਆਂ-ਖੱਬੀਆਂ ਬਾਹਾਂ ਨੇ। ਇਨ੍ਹਾਂ ਨੂੰ ਆਪਣੇ ਦੁਆਲੇ ਬੈਠੇ ਵੇਖ ਕੇ ਮੇਰਾ ਚਾਅ ਸੰਭਾਲਿਆ ਨਹੀਂ ਜਾ ਰਿਹਾ।’ ਇਸ ’ਤੇ ਭੋਲਾ ਸਿੰਘ ਵਿਰਕ ਨੇ ਜਜ਼ਬਾਤੀ ਹੁੰਦਿਆਂ ਕਿਹਾ, ‘ਬਾਪੂ ਜੀ, ਅਸੀਂ ਤੁਹਾਡੇ ਦੇਣਦਾਰ ਹਾਂ। ਤੁਸੀਂ ਲਗਾਤਾਰ 40 ਸਾਲ ਸਾਡੇ ਸਿਰ ’ਤੇ ਮਿਹਰ ਭਰਿਆ ਹੱਥ ਰੱਖਿਆ ਤੇ ਕਦੇ ਸਾਡੀ ਪਿੱਠ ਨਹੀਂ ਲੱਗਣ ਦਿੱਤੀ। ਅਸੀਂ ਜਿਹੜਾ ਵੀ ਰੌਲਾ-ਰੱਪਾ ਜਾਂ ਮਸਲਾ ਤੁਹਾਡੇ ਕੋਲੇ ਲੈ ਕੇ ਆਏ, ਤੁਸੀਂ ਉਹਨੂੰ ਆਪਣਾ ਸਮਝ ਕੇ ਨਿਬੇੜਿਆ ਤੇ ਸਾਡੇ ਮਨਾਂ ਦਾ ਭਾਰ ਹੌਲਾ ਕੀਤਾ। ਅਸੀਂ ਤੁਹਾਡੇ ਰਿਣੀ ਹਾਂ ਤੇ ਸਦਾ ਰਹਾਂਗੇ। ਤੁਸੀਂ ਜਦੋਂ ਆਵਾਜ਼ ਮਾਰੋਗੇ, ਅਸੀਂ ਬਿਨਾਂ ਛਿੱਤਰ ਪਾਏ ਭੱਜੇ ਆਵਾਂਗੇ। ਅਖੀਰ ’ਚ ਸਾਰੇ ਆਗੂਆਂ ਨੇ ਬਾਬੇ ਕੇ ਅੱਗੇ ਅਰਦਾਸ ਕੀਤੀ ਕਿ ਰਾਮੂਵਾਲੀਆ ਸਾਹਿਬ ਛੇਤੀ ਤੋਂ ਛੇਤੀ ਤੰਦਰੁਸਤ ਹੋ ਕੇ ਪੰਜਾਬ ਪਰਤਣ ਤੇ ਮੁੜ ਤੋਂ ਲੋਕ ਭਲਾਈ ਪਾਰਟੀ ਦਾ ਝੰਡਾ ਬੁਲੰਦ ਕਰਨ।