ਬਰਨਾਲਾ 'ਚ ਹੂੰਝਾ-ਫੇਰ ਸਫ਼ਾਈ : ਮੀਤ ਹੇਅਰ ਨੇ ਆਪ ਝਾੜੂ ਫੜ ਕੇ ਦਿੱਤਾ ਸਾਂਝੀ ਜ਼ਿੰਮੇਵਾਰੀ ਦਾ ਸੁਨੇਹਾ ਬਰਨਾਲਾ 'ਚ ਹੂੰਝਾ-ਫੇਰ ਸਫ਼ਾਈ : ਮੀਤ ਹੇਅਰ ਨੇ ਆਪ ਝਾੜੂ ਫੜ ਕੇ ਦਿੱਤਾ ਸਾਂਝੀ ਜ਼ਿੰਮੇਵਾਰੀ ਦਾ ਸੁਨੇਹਾ
Publish Date: Thu, 03 Sep 2026 03:50 PM (IST)
Updated Date: Fri, 04 Sep 2026 04:01 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਨਿਗਮ ਬਰਨਾਲਾ ਵੱਲੋਂ ਅਗਰਸੈਨ ਚੌਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਕ ਤੱਕ ਸੱਤਾ ਧਿਰ ਵੱਲੋਂ ਹੂੰਝਾ ਫੇਰ ਸਫਾਈ ਕੀਤੀ ਗਈ। ਜਿਸ ਦੀ ਅਗਵਾਈ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਖੁਦ ਆਪਣੇ ਹੱਥੀ ਝਾੜੂ ਫੜ ਸੜਕਾਂ ਸਾਫ ਕਰਨ ਤਹਿਤ ਨਿਭਾਈ। ਉਨ੍ਹਾਂ ਬਰਨਾਲਾ ਵਾਸੀਆਂ ਨੂੰ ਇਸ ਭਲੇ ਕੰਮ ’ਚ ਡਟ ਕੇ ਸਾਥ ਦੇਣ ਦਾ ਹੋਕਾ ਦਿੱਤਾ। ਸੰਸਦ ਮੈਂਬਰ ਮੀਤ ਹੇਅਰ, ਮੇਅਰ ਹਸਨ ਭਾਰਦਵਾਜ, ਵੱਖ-ਵੱਖ ਕੌਂਸਲਰਾਂ, ਨਿਗਮ ਦੇ ਅਧਿਕਾਰੀਆਂ ਤੇ ਸਫ਼ਾਈ ਸੇਵਕਾਂ ਨੇ ਮਿਲ ਕੇ ਸ਼ਹਿਰ ਦੀਆਂ ਸੜਕਾਂ, ਫੁੱਟਪਾਥਾਂ ਤੇ ਆਲੇ-ਦੁਆਲੇ ਦੀ ਰੱਜ ਕੇ ਸਫ਼ਾਈ ਕੀਤੀ। ਨਾਲ ਹੀ ਆਮ ਲੋਕਾਂ ਨੂੰ ਵੀ ਸਾਂਝੀਆਂ ਥਾਵਾਂ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਆ। -------- ਆਪਣੇ ਘਰ, ਦੁਕਾਨ ਵਾਂਗ ਸ਼ਹਿਰ ਨੂੰ ਸਾਫ ਕਰਨ ਦਾ ਜੁੰਮਾ ਖੁਦ ਚੁਕੋ : ਮੀਤ ਹੇਅਰ ਮੀਤ ਹੇਅਰ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਇਕੱਲੀ ਸਰਕਾਰ ਜਾਂ ਨਿਗਮ ਦੇ ਸਿਰ ’ਤੇ ਨਹੀਂ ਛੱਡੀ ਜਾ ਸਕਦੀ, ਇਹ ਹਰ ਨਾਗਰਿਕ ਦਾ ਸਾਂਝਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਦਾ ਮਕਸਦ ਸਿਰਫ਼ ਕੂੜਾ ਚੁੱਕਣਾ ਨਹੀਂ, ਸਗੋਂ ਲੋਕਾਂ ਦੇ ਮਨਾਂ ’ਚ ਸਫ਼ਾਈ ਪ੍ਰਤੀ ਜਾਗਰੂਕਤਾ ਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਜਗਾਉਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਫ਼ਾਈ ਨੂੰ ਸਿਰਫ਼ ਦਿਖਾਵੇ ਜਾਂ ਕੁਝ ਦਿਨਾਂ ਦੀ ਮੁਹਿੰਮ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਹਰ ਬੰਦਾ ਆਪਣੇ ਘਰ, ਦੁਕਾਨ, ਦਫ਼ਤਰ ਤੇ ਵਿਹੜੇ ਨੂੰ ਸਾਫ਼ ਰੱਖਣਾ ਆਪਣੇ ਨਿੱਤ ਦੇ ਆਹਰ ’ਚ ਸ਼ਾਮਲ ਕਰੇ। ਉਨ੍ਹਾਂ ਕਿਹਾ ਕਿ ਜੇਕਰ ਲੋਕ ਕੂੜਾ ਇੱਧਰ-ਉੱਧਰ ਸੁੱਟਣ ਦੀ ਬਜਾਏ ਨਿਸ਼ਚਿਤ ਥਾਵਾਂ ’ਤੇ ਪਾਉਣ ਤੇ ਗਿੱਲੇ-ਸੁੱਕੇ ਕੂੜੇ ਨੂੰ ਵੱਖਰਾ ਰੱਖਣ ਦਾ ਨੇਮ ਬਣਾ ਲੈਣ, ਤਾਂ ਸ਼ਹਿਰ ਦੀ ਨੁਹਾਰ ਆਪੇ ਬਦਲ ਜਾਵੇਗੀ। --------------- ‘ਮੇਰਾ ਸ਼ਹਿਰ, ਮੇਰੀ ਜ਼ਿੰਮੇਵਾਰੀ’ ਮੇਅਰ ਦਾ ਨਾਅਰਾ ਮੇਅਰ ਹਸਨ ਭਾਰਦਵਾਜ ਨੇ ਵੀ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਨਿਗਮ ਵੱਲੋਂ ਸ਼ਹਿਰ ਦੇ ਕੋਨੇ-ਕੋਨੇ ਨੂੰ ਸਾਫ਼ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅਖੀਰ ’ਚ ਨਿਗਮ ਅਧਿਕਾਰੀਆਂ ਤੇ ਸਫ਼ਾਈ ਕਰਮਚਾਰੀਆਂ ਨੇ ‘ਮੇਰਾ ਸ਼ਹਿਰ, ਮੇਰੀ ਜ਼ਿੰਮੇਵਾਰੀ’ ਦੇ ਨਾਅਰੇ ਹੇਠ ਲੋਕਾਂ ਨੂੰ ਬਰਨਾਲਾ ਨੂੰ ਹੋਰ ਸੁੰਦਰ ਤੇ ਸਿਹਤਮੰਦ ਬਣਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।