
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੀਵਰੇਜ ਦੇ ਗੰਦੇ ਪਾਣੀ ਨੇ ਦੁਖਾ 'ਚ ਪਾਏ ਬਰਨਾਲੇ ਦੇ ਪ੍ਰੇਮ ਨਗਰੀਏ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 14 ’ਚ ਪੈਂਦੇ ਪ੍ਰੇਮ ਨਗਰ ਇਲਾਕੇ 'ਚ ਸੀਵਰੇਜ ਦੇ ਓਵਰਫਲੋਅ ਹੁੰਦੇ ਗੰਦੇ ਪਾਣੀ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਛੱਡਿਆ। ਸੜਕਾਂ ’ਤੇ ਨਾਸ ਮਾਰਦੇ ਪਾਣੀ ਕਾਰਨ ਜਿੱਥੇ ਲੰਘਣ-ਲੰਘਾਉਣ ਵਾਲਿਆਂ ਨੂੰ ਭਾਰੀ ਮੁਸ਼ਕਲ ਆ ਰਹੀ ਹੈ, ਉੱਥੇ ਹੀ ਘਰਾਂ ਤੱਕ ਪੁੱਜਦੀ ਬਦਬੂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ।
ਇਲਾਕੇ ਦੇ ਰਹਿਣ ਵਾਲੇ ਲੋਕਾਂ ਬਲਜਿੰਦਰ ਕੌਰ, ਪਿੰਕੀ ਰਾਣੀ, ਨਿਰਮਲਾ ਰਾਣੀ, ਮਨਜੀਤ ਕੌਰ, ਕੈਲਾਸ਼ ਰਾਣੀ, ਸੰਜੀਵ ਕੁਮਾਰ ਤੇ ਸਾਹਸ ਮਾਨਸਾ ਸਮੇਤ ਹੋਰਨਾਂ ਰਲ਼ ਕੇ ਭੜਾਸ ਕੱਢਦਿਆਂ ਦੱਸਿਆ ਕਿ ਲੰਮੇ ਸਮੇਂ ਤੋਂ ਗੰਦਾ ਪਾਣੀ ਗਲ਼ੀਆਂ-ਸੜਕਾਂ ’ਚ ਛੱਪੜ ਵਾਂਗੂ ਖੜ੍ਹਾ ਹੈ। ਬਦਬੂ ਐਨੀ ਆਉਂਦੀ ਹੈ ਕਿ ਘਰੇ ਬਹਿ ਕੇ ਰੋਟੀ ਖਾਣੀ ਵੀ ਔਖੀ ਹੋਈ ਪਈ ਹੈ।
--ਐੱਮਸੀ ਰਣਜੀਤ ਸਿੰਘ ਨੂੰ ਲੋਕਾਂ ਨੇ ਖਰੀਆਂ-ਖਰੀਆਂ ਸੁਣਾਈਆਂ
ਅੱਕੇ ਹੋਏ ਵਾਰਡ ਵਾਸੀਆਂ ਨੇ ਨਗਰ ਕੌਂਸਲ ਦੇ ਐਮ.ਸੀ. ਰਣਜੀਤ ਸਿੰਘ ਨੂੰ ਘੇਰ ਕੇ ਚੰਗੀਆਂ ਖਰੀਆਂ-ਖਰੀਆਂ ਸੁਣਾਈਆਂ। ਲੋਕਾਂ ਦਾ ਕਹਿਣਾ ਸੀ ਕਿ ਵਾਰ-ਵਾਰ ਆਖਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਨਾ ਹੀ ਕੋਈ ਪੱਕਾ ਹੱਲ ਕੀਤਾ ਜਾ ਰਿਹਾ। ਦੇਖਦੇ ਹੀ ਦੇਖਦੇ ਮਾਹੌਲ ਤਲਖ਼ ਹੋ ਗਿਆ ਤੇ ਗੁੱਸੇ 'ਚ ਆਏ ਲੋਕਾਂ ਨੇ ਸੜਕ ’ਤੇ ਜਾਮ ਲਾ ਕੇ ਆਵਾਜਾਈ ਡੱਕ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਭੜਾਸ ਕੱਢਦਿਆਂ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਦਾ ਤੁਰੰਤ ਤੇ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਇਹ ਨੋਬਤ ਨਾ ਆਵੇ।
-----------
ਕੌਂਸਲਰ ਨੇ ਡੇਅਰੀ ਮਾਲਕ ’ਤੇ ਮੜ੍ਹਿਆ ਦੋਸ਼
ਦੂਜੇ ਪਾਸੇ ਵਾਰਡ ਨੰਬਰ 14 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਰਣਜੀਤ ਸਿੰਘ ਨੇ ਮੰਨਿਆ ਕਿ ਪਾਣੀ ਓਵਰਫਲੋਅ ਹੋਣ ਦੀ ਸਮੱਸਿਆ ਤਾਂ ਹੈਗੀ ਹੈ, ਪਰ ਨਾਲ਼ ਹੀ ਓਨ੍ਹਾਂ ਨੇ ਇਲਾਕੇ ਦੀ ਇੱਕ ਨਿੱਜੀ ਮੱਝਾਂ ਦੀ ਡੇਅਰੀ ਵਾਲੇ ’ਤੇ ਦੋਸ਼ ਲਾਇਆ। ਉਨ੍ਹਾਂ ਆਖਿਆ ਕਿ ਡੇਅਰੀ ਮਾਲਕ ਨੇ ਆਪਣੇ ਖੇਤਾਂ ਵੱਲ ਪਾਣੀ ਦਾ ਲਾਂਘਾ ਬੰਦ ਕਰਕੇ ਗੰਦਾ ਪਾਣੀ ਸ਼ਰੇਆਮ ਸੜਕ ’ਤੇ ਛੱਡ ਦਿੱਤਾ ਹੈ। ਕੌਂਸਲਰ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਹ ਸੀਵਰੇਜ ਵਿਭਾਗ ਦੇ ਅਫ਼ਸਰਾਂ ਨਾਲ਼ ਗੱਲਬਾਤ ਕਰ ਚੁੱਕੇ ਨੇ ਤੇ ਛੇਤੀ ਹੀ ਇਸ ਸਮੱਸਿਆ ਦਾ ਹੱਲ ਕੱਢ ਕੇ ਲੋਕਾਂ ਨੂੰ ਸੁੱਖ ਦਾ ਸਾਹ ਦਵਾਉਣਗੇ।