
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁੱਖ ਮੰਤਰੀ ਦੇ ਮੀਟਿੰਗ ’ਚ ਨਾ ਆਉਣ ’ਤੇ ਭੜਕੇ ਦਫ਼ਤਰੀ ਬਾਬੂ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਸਾਂਝੀ ਤਾਲਮੇਲ ਕਮੇਟੀ ਨਾਲ ਧਾਰੀ ਮੀਟਿੰਗ ’ਚ ਮੁੱਖ ਮੰਤਰੀ ਦੇ ਨਾ ਉਪੜਨ ’ਤੇ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਤੋਂ ਖਫ਼ਾ ਹੋਏ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹੈ। ਕਮੇਟੀ ਦੇ ਸੱਦੇ ’ਤੇ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਕਾਮਿਆ ਨੇ ਥਾਂ-ਥਾਂ ਰੈਲੀਆਂ ਕਰਕੇ ਸਰਕਾਰ ਖਿਲਾਫ ਰੋਹ ਪ੍ਰਗਟ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਅਰਥੀ ਫੂਕੀ।
ਇਸ ਦੌਰਾਨ ਵੱਡੀ ਗਿਣਤੀ ’ਚ ਸਕੂਲੀ ਮਾਸਟਰਾਂ, ਮੁਲਾਜ਼ਮਾਂ ਤੇ ਵੱਖ-ਵੱਖ ਮਹਿਕਮਿਆਂ ਦੇ ਕਾਮਿਆਂ ਨੇ ਆਪਣੇ ਦਫ਼ਤਰਾਂ ਤੇ ਸਕੂਲਾਂ ਦੇ ਗੇਟਾਂ ਅੱਗੇ ਖੜ੍ਹਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਵੱਲੋਂ ਕੀਤੇ ਟਵੀਟਾਂ ਤੇ ਗੈਰ-ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਜਾਰੀ ਕੀਤੇ ਸਰਕਾਰੀ ਹੁਕਮਾਂ ਦੀਆਂ ਕਾਪੀਆਂ ਨੂੰ ਅੱਗ ਲਾ ਕੇ ਆਪਣਾ ਵਿਰੋਧ ਜਤਾਇਆ। ਇਹਤੋਂ ਬਾਅਦ ਸਾਰੇ ਮੁਲਾਜ਼ਮ ਇਕੱਠੇ ਹੋ ਕੇ ਡੀ.ਸੀ. ਦਫ਼ਤਰ ਬਰਨਾਲਾ ਵਿਖੇ ਪੁੱਜੇ, ਜਿੱਥੇ ਧਰਨਾ ਦੇਣ ਮਗਰੋਂ ਚੌਂਕ ’ਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਤਾਲਮੇਲ ਕਮੇਟੀ ਦੇ ਆਗੂ ਤਰਸੇਮ ਭੱਠਲ, ਸਿੰਦਰ ਸਿੰਘ ਧੌਲਾ, ਦਰਸ਼ਨ ਚੀਮਾ, ਬਲਜਿੰਦਰ ਪ੍ਰਭੂ, ਪ੍ਰਿੰਸੀਪਲ ਕੌਰ ਸਿੰਘ ਤੇ ਗਮਦੂਰ ਸਿੰਘ ਨੇ ਆਖਿਆ ਕਿ ਮੁਲਾਜ਼ਮ ਸਰਕਾਰ ਦੀਆਂ ਕਾਰਵਾਈਆਂ ਜਾਂ ਧਮਕੀਆਂ ਵਾਲੀਆਂ ਚਿੱਠੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਠੋਕ ਕੇ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆਉਂਦੀਆਂ ਹੱਕੀ ਮੰਗਾਂ ਦਾ ਨਿਬੇੜਾ ਤੁਰੰਤ ਕਰਨਾ ਚਾਹੀਦਾ ਹੈ। ਆਗੂਆਂ ਨੇ ਦੱਸਿਆ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ’ਤੇ ਮੜ੍ਹਿਆ ਕੇਂਦਰੀ ਤਨਖ਼ਾਹ ਸਕੇਲ ਰੱਦ ਕਰਨ, ਨਵੀਂ ਪੈਨਸ਼ਨ ਪ੍ਰਣਾਲੀ ਛੱਡ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ, 18 ਫ਼ੀਸਦੀ ਰਹਿੰਦਾ ਡੀ.ਏ. ਜਾਰੀ ਕਰਨ, ਪੇਂਡੂ ਤੇ ਸਰਹੱਦੀ ਭੱਤਿਆਂ ਸਮੇਤ ਕੱਟੇ ਗਏ 37 ਕਿਸਮਾਂ ਦੇ ਭੱਤੇ ਮੋੜਨ ਤੇ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੀ ਪੂਰੀ ਰਿਪੋਰਟ ਲਾਗੂ ਕਰਨ ਵਰਗੀਆਂ ਅਹਿਮ ਮੰਗਾਂ ਸਰਕਾਰ ਕੋਲੇ ਲੰਮੇ ਸਮੇਂ ਤੋਂ ਅਟਕੀਆਂ ਪਈਆਂ ਹਨ।