ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਕੀਤਾ ਮੁਜ਼ਾਹਰਾ ਮਹਿਲ ਕਲਾਂ ’ਚ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਦੀ ਅਰਥੀ ਫੂਕਕੇ ਕੀਤਾ ਰੋਸ ਪ੍ਰਦਰਸ਼ਨ
Publish Date: Fri, 28 Aug 2026 03:28 PM (IST)
Updated Date: Sat, 29 Aug 2026 04:01 AM (IST)
ਮੁੱਖ ਮੰਤਰੀ ਵੱਲੋਂ ਦਿੱਤੀ ਮੀਟਿੰਗ ਤੋਂ ਮੁਕਰਨ ਨੂੰ ਲੈ ਕੇ ਮੁਲਾਜ਼ਮਾਂ ’ਚ ਰੋਸ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਸਾਂਝੀ ਤਾਲਮੇਲ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਮੁਲਾਜ਼ਮ ਮੰਗਾਂ ਲਾਗੂ ਕਰਵਾਉਣ ਤੇ ਮੁੱਖ ਮੰਤਰੀ ਵੱਲੋਂ ਦਿੱਤੀ ਮੀਟਿੰਗ ਤੋਂ ਮੁਕਰਨ ਦੇ ਰੋਸ ਵਜੋਂ ਮਹਿਲ ਕਲਾਂ ਸਬ-ਡਵੀਜ਼ਨ ਦੇ ਸਮੁੱਚੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਕੇਵਲ ਸਿੰਘ ਧਾਲੀਵਾਲ, ਸੁਖਪਾਲ ਸਿੰਘ ਕਾਲਾ ਤੇ ਪ੍ਰਿੰਸੀਪਲ ਦਰਸ਼ਨ ਸਿੰਘ ਪੰਡੋਰੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮ ਆਗੂਆਂ ਨਾਲ ਮੀਟਿੰਗ ਸਬੰਧੀ ਕੀਤੇ ਵਤੀਰੇ ਦੇ ਰੋਸ ਵਜੋਂ ਪੰਜਾਬ ਭਰ ’ਚ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾ ਰਹੇ ਹਨ। ਉਨ੍ਹਾਂ ਸਰਕਾਰ ਤੋਂ ਹਾਈਕੋਰਟ ਦੇ 3 ਅਗਸਤ ਦੇ ਫ਼ੈਸਲੇ ਅਨੁਸਾਰ ਡੀਏ ਜਾਰੀ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, 17-7-2020 ਅਤੇ 15-1-2015 ਦੇ ਪੱਤਰ ਰੱਦ ਕਰਨ, ਸਾਰੇ ਪੈਨਸ਼ਨਰਾਂ ਨੂੰ 2.59 ਦਾ ਫੈਕਟਰ ਦੇਣ, ਕੱਚੇ ਕਾਮਿਆਂ ਨੂੰ ਪੱਕਾ ਕਰਨ ਤੇ 200 ਜੂਜੀਆਂ ਟੈਕਸ ਬੰਦ ਕਰਨ ਦੀ ਮੰਗ ਕੀਤੀ। ਡੀਟੀਐਫ ਆਗੂ ਬਲਜਿੰਦਰ ਕੁਮਾਰ ਪ੍ਰਭੂ ਨੇ ਕਿਹਾ ਕਿ ਸੰਘਰਸ਼ ਜਾਰੀ ਰਹੇਗਾ। ਸਟੇਜ ਸੰਚਾਲਨ ਕੁਲਵੀਰ ਸਿੰਘ ਔਲਖ ਨੇ ਕੀਤਾ। ਇਸ ਮੌਕੇ ਨਿਰਮਲ ਸਿੰਘ ਹਰਦਾਸਪੁਰਾ, ਹਰਬੰਸ ਸਿੰਘ ਧਨੌਲਾ, ਹਰਭਜਨ ਸਿੰਘ ਠੀਕਰੀਵਾਲਾ, ਜਸਵਿੰਦਰ ਸਿੰਘ ਚੰਨਣਵਾਲ ਸਮੇਤ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ।