
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੀਜੀਐਸ ਸਕੂਲ ਦੇ ਵਿਦਿਆਰਥੀ ਨੇ ਬੈਡਮਿੰਟਨ ਮੁਕਾਬਲਿਆਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਹੋਣਹਾਰ ਖਿਡਾਰੀ ਦਿਵਸਿਮਰ ਸਿੰਘ ਮਨੇਸ਼ ਨੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਸੰਗਰੂਰ ਵੱਲੋਂ ਕਰਵਾਏ ਗਏ ਓਪਨ ਬੈਡਮਿੰਟਨ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਦਿਵਸਿਮਰ ਸਿੰਘ ਨੇ ਇਨ੍ਹਾਂ ਮੁਕਾਬਲਿਆਂ ਦੇ ਅੰਡਰ-11 ਸਿੰਗਲਜ਼ ਵਰਗ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ (ਗੋਲਡ ਮੈਡਲ) ਹਾਸਿਲ ਕੀਤਾ। ਇਸ ਤੋਂ ਇਲਾਵਾ ਉਸਨੇ ਅੰਡਰ-11 ਡਬਲਜ਼ ਤੇ ਅੰਡਰ-13 ਡਬਲਜ਼ ਮੁਕਾਬਲਿਆਂ ’ਚ ਵੀ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਚਾਂਦੀ ਦੇ ਤਗਮੇ (ਸਿਲਵਰ ਮੈਡਲ) ਆਪਣੇ ਨਾਂ ਕੀਤੇ। ਖਿਡਾਰੀ ਦੀ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਸਦੀ ਚੋਣ ਸਟੇਟ ਪੱਧਰੀ ਮੁਕਾਬਲਿਆਂ ਲਈ ਕੀਤੀ ਗਈ ਹੈ। ਇਸ ਵੱਡੀ ਪ੍ਰਾਪਤੀ ’ਤੇ ਸਕੂਲ ਦੇ ਐੱਮਡੀ ਰਣਪ੍ਰੀਤ ਸਿੰਘ ਰਾਏ ਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖਿਡਾਰੀ ਦਿਵਸਿਮਰ ਸਿੰਘ ਮਨੇਸ਼, ਉਸ ਦੇ ਮਾਪਿਆਂ ਤੇ ਕੋਚ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ’ਚ ਅੱਗੇ ਵਧਣ ਲਈ ਹਰ ਸੰਭਵ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਦਿਵਸਿਮਰ ਸਟੇਟ ਮੁਕਾਬਲਿਆਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਚਮਕਾਏਗਾ। ਇਸ ਮੌਕੇ ਸਕੂਲ ਵਾਇਸ ਪ੍ਰਿੰਸੀਪਲ ਮੈਡਮ ਸੁਮਨ, ਸਪੋਰਟਸ ਸਟਾਫ ਤੇ ਵਿਦਿਆਰਥੀ ਹਾਜਰ ਸਨ।