ਹੰਡਿਆਇਆ ’ਚ ਨਗਰ ਪੰਚਾਇਤ ਤੇ ਪੁਲਿਸ ਦੀ ਵੱਡੀ ਕਾਰਵਾਈ ਹੰਡਿਆਇਆ 'ਚ ਨਗਰ ਪੰਚਾਇਤ ਤੇ ਪੁਲਿਸ ਦੀ ਵੱਡੀ ਕਾਰਵਾਈ
Publish Date: Tue, 25 Aug 2026 05:23 PM (IST)
Updated Date: Wed, 26 Aug 2026 04:01 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ :ਕਸਬਾ ਹੰਡਿਆਇਆ ਦੇ ਕਿਲ੍ਹਾ ਪੱਤੀ ਵਾਰਡ ਨੰਬਰ 4 ਵਿਖੇ ਨਗਰ ਪੰਚਾਇਤ ਤੇ ਬਰਨਾਲਾ ਪੁਲਿਸ ਨੇ ਸਾਂਝੀ ਮੁਹਿੰਮ ਤਹਿਤ ਨਸ਼ਾ ਤਸਕਰੀ ’ਚ ਸ਼ਾਮਲ ਇੱਕ ਵਿਅਕਤੀ ਵਲੋਂ ਕੀਤੀ ਨਾਜਾਇਜ਼ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਨੇ ਜੇਸੀਬੀ ਦੀ ਮੱਦਦ ਨਾਲ ਘਰ ਦੀ ਗਲੀ ਨਾਲ ਲੱਗਦੀ ਲੱਗਭੱਗ 10 ਫੁੱਟ ਲੰਬੀ ਤੇ ਕਰੀਬ 8 ਫੁੱਟ ਉੱਚੀ ਕੰਧ ਨੂੰ ਢਾਹ ਦਿੱਤਾ। --ਪਰਿਵਾਰ ’ਤੇ ਦਰਜ ਹਨ 36 ਤੋਂ ਵੱਧ ਮੁਕੱਦਮੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸਪੀਡੀ ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ ਮੁਲਜ਼ਮ ਰਾਜੂ ਸਿੰਘ ਪੁੱਤਰ ਬੂਟਾ ਸਿੰਘ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ 11 ਕੇਸ ਦਰਜ ਹਨ ਤੇ ਉਹ ਦੋ ਵਾਰ ਜੇਲ੍ਹ ਵੀ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਉਸ ਦੇ ਪੂਰੇ ਪਰਿਵਾਰ ’ਤੇ ਨਸ਼ਾ ਵੇਚਣ ਦੇ ਕੁੱਲ 36 ਤੋਂ ਵੱਧ ਮੁਕੱਦਮੇ ਦਰਜ ਹਨ। ਐੱਸਪੀ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। --ਨਾਜਾਇਜ਼ ਉਸਾਰੀਆਂ ਵਿਰੁੱਧ ਜਾਰੀ ਰਹੇਗੀ ਕਾਰਵਾਈ : ਡੀਐੱਮ ਨਗਰ ਪੰਚਾਇਤ ਦੇ ਡੀ.ਐੱਮ. ਮਨਸਾਹਿਬ ਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਪਰਿਵਾਰ ਦੁਆਰਾ ਕੀਤੀ ਗਈ ਨਾਜਾਇਜ਼ ਉਸਾਰੀ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ’ਤੇ ਤੁਰੰਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਵੀ ਇਲਾਕੇ ਦੀਆਂ ਸਾਰੀਆਂ ਨਾਜਾਇਜ਼ ਉਸਾਰੀਆਂ ਨੂੰ ਹਟਾਇਆ ਜਾਵੇਗਾ। ਇਸ ਕਾਰਵਾਈ ਦੌਰਾਨ ਡੀ.ਐੱਸ.ਪੀ. ਰਜਿੰਦਰ ਸਿੰਘ, ਡੀ.ਐੱਸ.ਪੀ. ਜਸਵਿੰਦਰ ਕੌਰ, ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਥਾਣਾ ਸਦਰ ਇੰਚਾਰਜ ਜਗਜੀਤ ਸਿੰਘ, ਚੌਂਕੀ ਇੰਚਾਰਜ ਤਰਸੇਮ ਸਿੰਘ, ਏ.ਐੱਸ.ਆਈ. ਸੁਖਚੈਨ ਸਿੰਘ, ਏ.ਐੱਸ.ਆਈ. ਜਸਵਿੰਦਰ ਕੌਰ, ਏ.ਐੱਸ.ਆਈ. ਦੀਪਕ ਕੁਮਾਰ, ਏ.ਐੱਸ.ਆਈ. ਮੁਕੇਸ਼ ਕੁਮਾਰ, ਨਗਰ ਪੰਚਾਇਤ ਕਲਰਕ ਵਰਿੰਦਰ ਸਿੰਘ, ਨਾਇਬ ਸਿੰਘ, ਹੌਲਦਾਰ ਸੁਰਜੀਤ ਸਿੰਘ, ਹੌਲਦਾਰ ਗੁਰਪ੍ਰੀਤ ਕੌਰ ਤੇ ਲਵਦੀਪ ਸਿੰਘ ਸਮੇਤ ਭਾਰੀ ਪੁਲਿਸ ਬਲ ਤਾਇਨਾਤ ਸੀ।