
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੀਜੀਐਸ ਸਕੂਲ ਬਰਨਾਲਾ ਦੇ ਵਿਦਿਆਰਥੀ ਏਕਮਵੀਰ ਸਿੰਘ ਨੇ ਸਟੇਟ ਖੇਡਾਂ ’ਚ ਮਾਰੀ ਬਾਜ਼ੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਾਬਾ ਗਾਂਧਾ ਸਿੰਘ ਪਬਲਿਕ ਸਕੂਲ, ਬਰਨਾਲਾ ਦੇ ਵਿਦਿਆਰਥੀ ਏਕਮਵੀਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈਆਂ ਗਈਆਂ ਸੀਬੀਐੱਸਈ ਸਟੇਟ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਇਨ੍ਹਾਂ ਰਾਜ ਪੱਧਰੀ ਐਥਲੈਟਿਕਸ ਮੁਕਾਬਲਿਆਂ ’ਚ ਹਿੱਸਾ ਲੈਂਦਿਆਂ ਏਕਮਵੀਰ ਸਿੰਘ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 800 ਮੀਟਰ ਦੌੜ ’ਚ ਦੂਜਾ (ਸਿਲਵਰ ਮੈਡਲ) ਤੇ 400 ਮੀਟਰ ਦੌੜ ’ਚ ਤੀਜਾ (ਬਰੌਂਜ਼ ਮੈਡਲ) ਸਥਾਨ ਹਾਸਿਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਦੇ ਅਧਾਰ ’ਤੇ ਹੁਣ ਏਕਮਵੀਰ ਸਿੰਘ ਦੀ ਚੋਣ ਆਗਾਮੀ ਸੀਬੀਐੱਸਈ ਨੈਸ਼ਨਲ ਖੇਡਾਂ (ਰਾਸ਼ਟਰੀ ਮੁਕਾਬਲਿਆਂ) ਲਈ ਹੋ ਗਈ ਹੈ। ਵਿਦਿਆਰਥੀ ਦੀ ਇਸ ਵੱਡੀ ਸਫ਼ਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਰਣਪ੍ਰੀਤ ਸਿੰਘ ਰਾਏ ਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਨੇ ਕਿਹਾ ਕਿ ਸਟੇਟ ਪੱਧਰ ’ਤੇ ਮੈਡਲ ਜਿੱਤਣਾ ਤੇ ਨੈਸ਼ਨਲ ਖੇਡਾਂ ਲਈ ਕੁਆਲੀਫਾਈ ਕਰਨਾ ਪੂਰੇ ਸਕੂਲ ਅਤੇ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਹੋਣਹਾਰ ਖਿਡਾਰੀ ਏਕਮਵੀਰ ਸਿੰਘ ਤੇ ਉਸ ਦੇ ਮਾਤਾ-ਪਿਤਾ ਨੂੰ ਇਸ ਇਤਿਹਾਸਕ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੂਲ ਦੇ ਸਪੋਰਟਸ ਸਟਾਫ ਦੀ ਮਿਹਨਤ ਦੀ ਵੀ ਸ਼ਲਾਘਾ ਕੀਤੀ ਗਈ, ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਖਿਡਾਰੀ ਨੇ ਇਹ ਮੁਕਾਮ ਹਾਸਿਲ ਕੀਤਾ ਹੈ।