ਰਿਹਾਇਸ਼ੀ ਖੇਤਰ 'ਚ ਬੰਦ ਪੋਲਟਰੀ ਫਾਰਮ ਮੁੜ ਚਲਾਉਣ ਵਿਰੁੱਧ ਪੱਕਾ ਮੋਰਚਾ ਜਾਰੀ ਰਿਹਾਇਸ਼ੀ ਖੇਤਰ 'ਚ ਬੰਦ ਪੋਲਟਰੀ ਫਾਰਮ ਮੁੜ ਚਲਾਉਣ ਵਿਰੁੱਧ ਪੱਕਾ ਮੋਰਚਾ ਜਾਰੀ
Publish Date: Sat, 22 Aug 2026 06:45 PM (IST)
Updated Date: Sun, 23 Aug 2026 04:01 AM (IST)
-- ਕਿਸਾਨ ਆਗੂ ਗ੍ਰਿਫ਼ਤਾਰ, ਚੌਂਕੀ ਅੱਗੇ ਕਿਸਾਨਾਂ ਦਾ ਧਰਨਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਪਿੰਡ ਨਾਈਵਾਲਾ ਤੇ ਕੈਰੇ ਨਜ਼ਦੀਕ ਰਿਹਾਇਸ਼ੀ ਖੇਤਰ ’ਚ ਬੰਦ ਪਏ ਇੱਕ ਪੋਲਟਰੀ ਫਾਰਮ ਨੂੰ ਦੁਬਾਰਾ ਸ਼ੁਰੂ ਕਰਨ ਦੇ ਵਿਰੋਧ ’ਚ ਇਲਾਕਾ ਨਿਵਾਸੀਆਂ ਵੱਲੋਂ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਇਲਾਕੇ ਦੇ ਲੋਕਾਂ ਅਨੁਸਾਰ ਰਿਹਾਇਸ਼ੀ ਖੇਤਰ ’ਚ ਹੋਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪੋਲਟਰੀ ਫਾਰਮ ਨੂੰ ਕਈ ਸਾਲ ਪਹਿਲਾਂ ਬੰਦ ਕਰਵਾ ਦਿੱਤਾ ਗਿਆ ਸੀ। ਪਰ ਹੁਣ ਸੂਬੇ ਦੀ ਸੱਤਾਧਾਰੀ ‘ਆਮ ਆਦਮੀ ਪਾਰਟੀ’ ਦੇ ਕੁਝ ਆਗੂ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਇਸ ਨੂੰ ਧੱਕੇ ਨਾਲ ਮੁੜ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਸ਼ਨੀਵਾਰ ਸਵੇਰੇ ਪੁਲਿਸ ਵੱਲੋਂ ਪੋਲਟਰੀ ਫਾਰਮ ਚਲਾਉਣ ਵਾਲੀ ਧਿਰ ਦਾ ਪੱਖ ਪੂਰਦਿਆਂ ਨਾਈਵਾਲਾ ਤੇ ਕੈਰੇ ਨਾਲ ਸਬੰਧਤ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਬੰਦ ਕਰ ਦਿੱਤਾ ਗਿਆ, ਤਾਂ ਜੋ ਧੱਕੇਸ਼ਾਹੀ ਨਾਲ ਇਹ ਪੋਲਟਰੀ ਫਾਰਮ ਚਲਾਇਆ ਜਾ ਸਕੇ। --ਪੁਲਿਸ ਚੌਂਕੀ ਅੱਗੇ ਵਿਸ਼ਾਲ ਧਰਨਾ ਆਗੂਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੁੱਸੇ ਚ ਆਏ ਇਲਾਕਾ ਵਾਸੀਆਂ ਤੇ ਕਿਸਾਨ ਯੂਨੀਅਨਾਂ ਵੱਲੋਂ ਪੁਲਿਸ ਚੌਂਕੀ ਪੱਖੋ ਕੈਂਚੀਆਂ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ, ਗੁਰਜੰਟ ਸਿੰਘ ਧੌਲਾ, ਦਲਜੀਤ ਸਿੰਘ ਪੱਤੀ, ਕਮਲਜੀਤ ਸਿੰਘ ਨਾਈਵਾਲਾ, ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਬੁਰਜ਼ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਪ੍ਰੀਤਮ ਸਿੰਘ ਜੋਧਪੁਰ, ਹਰਜਿੰਦਰ ਸਿੰਘ ਚੀਮਾ, ਕਾਕਾ ਸਿੰਘ ਕਾਮਰੇਡ, ਗੁਰਪ੍ਰੀਤ ਰਾਏਸਰ, ਬੇਰੁਜ਼ਗਾਰ ਅਧਿਆਪਕ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਰਾਜਵਿੰਦਰ ਸਿੰਘ, ਬਹਾਦਰ ਸਿੰਘ, ਬਚਿੱਤਰ ਸਿੰਘ ਨਾਈਵਾਲਾ, ਬੱਗਾ ਸਿੰਘ ਨਾਈਵਾਲਾ ਅਤੇ ਜਰਨੈਲ ਨਾਈਵਾਲਾ ਆਦਿ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਰਵੱਈਏ ਦੀ ਕਰੜੀ ਨਿੰਦਾ ਕਰਦਿਆ ਕਿਹਾ ਕਿ ਸੂਬਾ ਸਰਕਾਰ ਨੂੰ ਲੋਕ ਹਿੱਤ ਚ ਖੜ੍ਹਨਾ ਚਾਹੀਦਾ ਸੀ, ਪਰ ਇਸ ਦੇ ਉਲਟ ਸਰਕਾਰ ਧੱਕੇਸ਼ਾਹੀ ਕਰਨ ਵਾਲਿਆਂ ਦਾ ਸਾਥ ਦੇ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਮਾਮਲਾ ਜਲਦ ਹੱਲ ਨਾ ਕੀਤਾ, ਤਾਂ ਪੋਲਟਰੀ ਫਾਰਮ ਖੋਲ੍ਹਣ ਲਈ ਦਬਾਅ ਬਣਾ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।