
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਦ ਦੀ ਕਾਲ ਦੌਰਾਨ ਪਿੰਡਾਂ ਤੇ ਕਸਬਿਆਂ ਮਿਲਿਆ ਰਲਿਆ ਮਿਲਿਆ ਹੁੰਗਾਰਾ

ਨਵਦੀਪ ਸੇਖਾ, ਪੰਜਾਬੀ ਜਾਗਰਣ,
ਬਰਨਾਲਾ : ਕੌਮੀ ਇਨਸਾਫ਼ ਮੋਰਚਾ ਦੇ ਸੱਦੇ ’ਤੇ 21 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਕਈ ਥਾਵਾਂ ’ਤੇ ਰਲਿਆ ਮਿਲਿਆ ਹੁੰਗਾਰਾ ਮਿਲਿਆ ਹੈ। ਬੰਦ ਅਸਰ ਸਿਰਫ ਸ਼ਹਿਰ ਬਰਨਾਲਾ ਮਹਿਲ ਕਲਾਂ, ਭਦੌੜ ਤੇ ਤਪਾ ’ਚ ਦੇਖਿਆ ਗਿਆ ਜਦਕਿ ਕਸਬਾ ਹੰਡਿਆਇਆ ਤੇ ਪਿੰਡਾਂ ’ਚ ਬੰਦ ਨੂੰ ਰਲਿਆ ਮਿਲਿਆ ਹੁੰਗਾਰਾ ਮਿਲਿਆ ਹੈ। ਬੰਦ ਦੌਰਾਨ ਕਸਬਾ ਹੰਡਿਆਇਆ ’ਚ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਦੇਖੀਆਂ ਗਈਆਂ। ਸਿਰਫ਼ ਮੇਨ ਰੋਡ ’ਤੇ ਸਥਿੱਤ ਦੁਕਾਨਾਂ ਦੇ ਸ਼ਟਰ ਬੰਦ ਨਜ਼ਰ ਆਏ। ਕਈ ਥਾਵਾਂ ’ਤੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਬੰਦ ਦਾ ਸਮਰਥਨ ਕੀਤਾ, ਜਦਕਿ ਕੁਝ ਥਾਵਾਂ ’ਤੇ ਆਮ ਵਾਂਗ ਕਾਰੋਬਾਰ ਵੀ ਚੱਲਦਾ ਰਿਹਾ। ਬੰਦ ਦੌਰਾਨ ਬਾਜ਼ਾਰਾਂ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਪਿੰਡਾਂ ਤੋਂ ਲੈ ਕੇ ਕਸਬਿਆਂ ਤੱਕ ਵੱਖ-ਵੱਖ ਥਾਵਾਂ ’ਤੇ ਲੋਕਾਂ ਨੇ ਬੰਦ ਦੇ ਹੱਕ ਤੇ ਵਿਰੋਧ ’ਚ ਆਪਣੀ ਪ੍ਰਤੀਕਿਰਿਆ ਦਿੱਤੀ। ਕੁਝ ਥਾਵਾਂ ’ਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ, ਜਦਕਿ ਹੋਰ ਇਲਾਕਿਆਂ ’ਚ ਦੁਕਾਨਾਂ ਅੰਸ਼ਿਕ ਤੌਰ ’ਤੇ ਖੁੱਲ੍ਹੀਆਂ ਰਹੀਆਂ। ਕੁੱਲ ਮਿਲਾ ਕੇ ਪਿੰਡਾਂ ਤੇ ਕਸਬਿਆਂ ’ਚ ਬੰਦ ਨੂੰ ਮਿਲਿਆ ਹੁੰਗਾਰਾ ਇਕਸਾਰ ਨਾ ਰਹਿੰਦਿਆਂ ਹਲਿਆ-ਮਿਲਿਆ ਰਿਹਾ। ਇਸ ਦੌਰਾਨ ਸਿੱਖ ਜਥੇਬੰਦੀਆਂ ਵਲੋਂ ਬਰਨਾਲਾ ਬਠਿੰਡਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।