
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੀ.ਜੀ.ਐੱਸ. ਵਰਲਡ ਸਕੂਲ, ਬਰਨਾਲਾ ਦਾ 70ਵੀਂ ਪੰਜਾਬ ਰਾਜ ਅੰਤਰ-ਜ਼ੋਨ ਪੱਧਰ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

:: ਕਈ ਵਿਦਿਆਰਥੀਆਂ ਨੇ ਜਿੱਤੇ ਸੋਨ ਮੈਡਲ, ਸਕੂਲ ਦਾ ਨਾਂ ਕੀਤਾ ਰੌਸ਼ਨ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜੀਜੀਐੱਸ ਵਰਲਡ ਸਕੂਲ, ਬਰਨਾਲਾ ਦੇ ਵਿਦਿਆਰਥੀਆਂ ਨੇ 70ਵੀਂ ਪੰਜਾਬ ਰਾਜ ਅੰਤਰ-ਜ਼ੋਨ ਪੱਧਰ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਤੇ ਇਲਾਕੇ ਦਾ ਨਾਂ ਉੱਚਾ ਕੀਤਾ ਹੈ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ’ਚ ਹਿੱਸਾ ਲੈ ਕੇ ਨਾ ਸਿਰਫ਼ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਸਗੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਸੋਨ ਤਮਗੇ ਵੀ ਆਪਣੇ ਨਾਮ ਕੀਤੇ।
ਇਸ ਰਾਜ ਪੱਧਰੀ ਮੁਕਾਬਲੇ ’ਚ ਸਕੂਲ ਦੇ ਰਿਹਾਨ ਖਾਨ, ਰਵੀ ਕੁਮਾਰ, ਅੰਕਿਤ ਕੁਮਾਰ, ਗੁਰਨੂਰ ਸਿੰਘ ਗਿੱਲ, ਜਸਮਨ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਆਪਣੀਆਂ-ਆਪਣੀਆਂ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦੀ ਝੋਲੀ ’ਚ ਸੋਨ ਮੈਡਲ ਪਾਏ। ਇਨ੍ਹਾਂ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਨੂੰ ਦੇਖ ਕੇ ਸਾਰੇ ਅਧਿਆਪਕਾਂ ਅਤੇ ਸਾਥੀ ਵਿਦਿਆਰਥੀਆਂ ਨੇ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਕੂਲ ਦੇ ਪ੍ਰਿੰਸੀਪਲ ਅਤੇ ਖੇਡ ਅਧਿਆਪਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਕਈ ਮਹੀਨਿਆਂ ਤੋਂ ਸਖ਼ਤ ਮਿਹਨਤ ਅਤੇ ਰਿਆਜ਼ ਕੀਤਾ ਸੀ। ਸਵੇਰੇ-ਸ਼ਾਮ ਦੀ ਪ੍ਰੈਕਟਿਸ ਅਤੇ ਅਧਿਆਪਕਾਂ ਦੀ ਅਗਵਾਈ ਸਦਕਾ ਹੀ ਅੱਜ ਇਹ ਨਤੀਜਾ ਸਾਹਮਣੇ ਆਇਆ ਹੈ। ਖੇਡ ਦੇ ਮੈਦਾਨ ’ਚ ਵਿਦਿਆਰਥੀਆਂ ਦਾ ਜਜ਼ਬਾ ਅਤੇ ਟੀਮ ਵਰਕ ਵੇਖਣਯੋਗ ਸੀ।
ਇਸ ਮੌਕੇ ਸਕੂਲ ਦੇ ਚੇਅਰਮੈਨ ਸਰਦਾਰ ਸੁਦਾਗਰ ਸਿੰਘ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ: ‘ਜੀ.ਜੀ.ਐੱਸ. ਵਰਲਡ ਸਕੂਲ ਹਮੇਸ਼ਾ ਹੀ ਵਿਦਿਆ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਪਾਠਕਰਮ ਗਤੀਵਿਧੀਆਂ ਨੂੰ ਬਰਾਬਰ ਮਹੱਤਵ ਦਿੰਦਾ ਹੈ। ਸਾਡਾ ਉਦੇਸ਼ ਸਿਰਫ਼ ਅਕਾਦਮਿਕ ਤੌਰ ’ਤੇ ਹੀ ਨਹੀਂ ਸਗੋਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਬੱਚੇ ਤਿਆਰ ਕਰਨਾ ਹੈ। ਅਸੀਂ ਆਪਣੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਸਾਨੂੰ ਮਾਣ ਹੈ ਕਿ ਸਾਡੇ ਬੱਚਿਆਂ ਨੇ ਰਾਜ ਪੱਧਰ ’ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।’ ਚੇਅਰਮੈਨ ਨੇ ਕਿਹਾ ਕਿ ਸਕੂਲ ਵੱਲੋਂ ਖਿਡਾਰੀਆਂ ਨੂੰ ਅੱਗੇ ਵੀ ਹਰ ਤਰ੍ਹਾਂ ਦੀ ਸਹੂਲਤ ਤੇ ਪ੍ਰੋਤਸਾਹਨ ਦਿੱਤਾ ਜਾਵੇਗਾ ਤਾਂ ਜੋ ਉਹ ਨੈਸ਼ਨਲ ਅਤੇ ਅੰਤਰ-ਰਾਸ਼ਟਰੀ ਪੱਧਰ ਤੱਕ ਆਪਣਾ ਨਾਮ ਕਮਾ ਸਕਣ।
ਸਕੂਲ ਪ੍ਰਬੰਧਕ ਕਮੇਟੀ, ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਨੇ ਜੇਤੂ ਖਿਡਾਰੀਆਂ ਨੂੰ ਫ਼ੁੱਲਾਂ ਦੇ ਹਾਰ ਪਾ ਕੇ ਅਤੇ ਤਾੜੀਆਂ ਨਾਲ ਸਨਮਾਨਿਤ ਕੀਤਾ। ਸਕੂਲ ਵਿੱਚ ਜਿੱਤ ਦਾ ਜਸ਼ਨ ਮਨਾਇਆ ਗਿਆ ਅਤੇ ਸਾਰਿਆਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਦਿਆਰਥੀ ਇਸੇ ਤਰ੍ਹਾਂ ਅੱਗੇ ਵੀ ਸਫ਼ਲਤਾਵਾਂ ਪ੍ਰਾਪਤ ਕਰਦੇ ਰਹਿਣ।