
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਰਨਾਲਾ 'ਚ ਨਸ਼ਿਆਂ ਖ਼ਿਲਾਫ਼ ਭੜਕਿਆ ਲੋਕਾਂ ਦਾ ਰੋਸ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਮੰਗਲਵਾਰ ਨੂੰ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੀ ਪੋਲ ਖੋਲਦਿਆਂ ਕਾਂਗਰਸ, ਭਾਜਪਾ, ਬਾਠ ਸਣੇ ਦੁਕਾਨਦਾਰਾਂ ਨੇ ਸੜਕ ਜਾਮ ਕਰਕੇ ਜਿੱਥੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਬਰਨਾਲਾ ’ਚ ਚਿੱਟੇ ਦਿਨ ਵਿਕਦੇ ਚਿੱਟੇ ਦਾ ਵੀ ਖੁੱਲ ਕੇ ਖੁਲਾਸਾ ਕੀਤਾ। ਹੋਇਆ ਇੰਜ ਕੇ ਇਲਾਕੇ 'ਚ ਲਗਾਤਾਰ ਵਧ ਰਹੇ ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਸਥਾਨਕ ਦੁਕਾਨਦਾਰਾਂ ਤੇ ਆਮ ਲੋਕਾਂ ’ਚ ਕਈ ਦਿਨਾਂ ਤੋਂ ਭਾਰੀ ਰੋਸ ਪਾਇਆ ਜਾ ਰਿਹਾ ਸੀ। ਜਿਸ ਨੂੰ ਅੱਜ ਸਿਆਸੀ ਲੋਕਾਂ ਦੇ ਇਕੱਠ ਨੇ ਪੰਜਾਬ ਸਰਕਾਰ ਦੀ ਨਸ਼ਾ-ਵਿਰੋਧੀ ਮੁਹਿੰਮ ਦੇ ਦਾਅਵਿਆਂ ਵਿਚਕਾਰ, ਸਥਾਨਕ ਰਾਮ ਬਾਗ ਰੋਡ ਉੱਤੇ ਛੱਜੂ ਰੋਸ਼ਨ ਦੇ ਕਾਰਖਾਨੇ ਨੇੜੇ ਸਮੂਹ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਦੇ ਹੱਕ 'ਚ ਸੜਕਾਂ 'ਤੇ ਉੱਤਰ ਇਕੱਠੇ ਹੋ ਕੇ ਰੋਡ ਜਾਮ ਕੀਤਾ। ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਨੇੜਲੀ ਸੈਂਸੀ ਬਸਤੀ ਕੋਲ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਇਸ ਮੌਕੇ ਗੁਰਦੀਪ ਸਿੰਘ ਬਾਠ, ਭਾਜਪਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ, ਕਾਂਗਰਸ ਦੇ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਫਰਜ਼ੰਦ ਯੂਥ ਕਾਂਗਰਸ ਦੇ ਸੀਨੀਅਰ ਆਗੂ ਏਪੀ ਢਿੱਲੋਂ, ਅਕਾਲੀ ਦਲ ਦੇ ਆਗੂ ਬੇਅੰਤ ਬਾਠ, ਰਾਕੇਸ਼ ਜੇਠੀ, ਵਰੁਣ ਬੱਤਾ, ਰਾਜਿੰਦਰ ਉੱਪਲ ਤੇ ਹਰੀਸ਼ ਕੁਮਾਰ ਸਮੇਤ ਕਈ ਆਗੂਆਂ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪ੍ਰਦਰਸ਼ਨ ਕਾਰਨ ਸੜਕ ਉੱਤੇ ਆਵਾਜਾਈ ਕਾਫ਼ੀ ਸਮਾਂ ਪ੍ਰਭਾਵਿਤ ਰਹੀ।
----
ਸਵੇਰੇ ਫੜਾਏ ਤਸਕਰ ਸ਼ਾਮ ਨੂੰ ਫਿਰ ਵੇਚਦੇ ਨੇ ਨਸ਼ਾ : ਗੁਰਦੀਪ ਸਿੰਘ ਬਾਠ
ਹਲਕਾ ਬਰਨਾਲਾ ਦੇ ਸਿਆਸੀ ਆਗੂ ਗੁਰਦੀਪ ਸਿੰਘ ਬਾਠ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਹਾਲਾਤ ਇਹ ਬਣ ਚੁੱਕੇ ਹਨ ਕਿ ਲੋਕ ਸਵੇਰੇ ਨਸ਼ਾ ਤਸਕਰਾਂ ਨੂੰ ਫੜ ਕੇ ਪੁਲਿਸ ਹਵਾਲੇ ਕਰਦੇ ਹਨ, ਪਰ ਉਹੀ ਵਿਅਕਤੀ ਸ਼ਾਮ ਨੂੰ ਮੁੜ ਨਸ਼ਾ ਵੇਚਦਾ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਛੋਟੇ ਤਸਕਰਾਂ ’ਤੇ ਕਾਰਵਾਈ ਕਾਫ਼ੀ ਨਹੀਂ ਹੈ, ਨਸ਼ੇ ਦੀ ਪੂਰੀ ਸਪਲਾਈ ਚੇਨ ਤੇ ਨੈੱਟਵਰਕ ਨੂੰ ਤੋੜਨਾ ਪਵੇਗਾ।
---------
ਬਰਨਾਲਾ 'ਚ ਬਾਂਹ ਫੜ-ਫੜ ਕੇ ਵੇਚਿਆ ਜਾ ਰਿਹਾ 'ਚਿੱਟਾ' : ਭਾਜਪਾ ਜ਼ਿਲ੍ਹਾ ਪ੍ਰਧਾਨ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਕਿਹਾ ਕਿ ਬਰਨਾਲਾ ’ਚ ਨਸ਼ਾ ਇਸ ਕਦਰ ਖੁੱਲ੍ਹੇਆਮ ਵਿਕ ਰਿਹਾ ਹੈ ਕਿ ਨੌਜਵਾਨਾਂ ਨੂੰ ਬਾਂਹ ਫੜ-ਫੜ ਕੇ 'ਚਿੱਟਾ' ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਰਕਾਰ ਦੇ ਸਖ਼ਤ ਕਾਰਵਾਈ ਦੇ ਦਾਅਵਿਆਂ ਦੇ ਬਾਵਜੂਦ ਨਸ਼ੇ ਦੀ ਆਸਾਨ ਉਪਲਬਧਤਾ ਗੰਭੀਰ ਚਿੰਤਾ ਦਾ ਦਾ ਮੁੱਦਾ ਹੈ। ਭਾਜਪਾ ਜ਼ਿਲਾ ਪ੍ਰਧਾਨ ਨੀਟਾ ਨੇ ਕਿਹਾ ਕਿ ਉਹ ਇਸ ਖੇਤਰ ਦੀ ਦੋ ਵਾਰ ਬਤੌਰ ਕੌਂਸਲਰ ਨੁਮਾਇੰਦਗੀ ਕਰ ਚੁੱਕੇ ਹਨ ਤੇ ਨਗਰ ਕੌਂਸਲ ਬਰਨਾਲਾ ਚ ਮੀਤ ਪ੍ਰਧਾਨ ਰਹਿ ਚੁੱਕੇ ਹਨ। ਉਨਾ ਹੁਣ ਇਸ ਵਾਰਡ ਦੇ ਮੌਜੂਦਾ ਕੌਂਸਲਰ ਤੇ ਵੀ ਸ਼ੱਕ ਜਾਹਿਰ ਕੀਤਾ ਕਿ ਉਹ ਇਹਨਾਂ ਨਸ਼ਾ ਤਸਕਰਾਂ ਖਿਲਾਫ ਕਿਉਂ ਨਹੀਂ ਆਵਾਜ਼ ਬੁਲੰਦ ਕਰ ਰਿਹਾ।
-----------
ਪੁਲਿਸ ਕਰਮਚਾਰੀਆਂ ਦੀ ਹੋਵੇਗੀ ਪੱਕੀ ਤਾਇਨਾਤੀ : ਡੀ.ਐੱਸ.ਪੀ.
ਧਰਨਾ ਸਥਾਨ 'ਤੇ ਪਹੁੰਚੇ ਡੀਐੱਸਪੀ ਰਾਜਿੰਦਰਪਾਲ ਸਿੰਘ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਵਾਇਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸੈਂਸੀ ਬਸਤੀ ਨੇੜੇ ਪੁਲਿਸ ਮੁਲਾਜ਼ਮਾਂ ਦੀ ਪੱਕੀ ਤਾਇਨਾਤੀ ਕੀਤੀ ਜਾਵੇਗੀ ਤੇ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।