
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਧਾਇਕ ਪੰਡੋਰੀ ਦੀ ਰਿਹਾਇਸ ਵਿਖੇ ਤੀਆਂ ਦਾ ਮੇਲਾ ਲਗਾਇਆ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਪਿੰਡ ਪੰਡੋਰੀ ਵਿਖੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਤੇ ਉਨ੍ਹਾਂ ਦੀ ਪਤਨੀ ਬੀਬੀ ਜਸਵਿੰਦਰ ਕੌਰ ਦੀ ਅਗਵਾਈ ਹੇਠ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸਮਰਪਿਤ ਤੀਆਂ ਦਾ ਮੇਲਾ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ’ਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਤੀਆਂ ਦੀਆਂ ਰੌਣਕਾਂ ਨੂੰ ਹੋਰ ਵਧਾਇਆ। ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਸੰਧਵਾਂ ਤੇ ਬੀਬੀ ਜਸਵਿੰਦਰ ਕੌਰ ਪੰਡੋਰੀ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਜੁੜੇ ਅਜਿਹੇ ਤਿਉਹਾਰ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਪੰਜਾਬੀ ਵਿਰਸੇ ਦੀ ਸੰਭਾਲ ਤੇ ਪ੍ਰਚਾਰ-ਪ੍ਰਸਾਰ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਮੇਲੇ ਦੌਰਾਨ ਕੁੜੀਆਂ ਤੇ ਮੁਟਿਆਰਾਂ ਵੱਲੋਂ ਗਿੱਧਾ ਪਾ ਕੇ ਤੇ ਰਵਾਇਤੀ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ ਗਿਆ। ਗਿੱਧੇ ਤੇ ਬੋਲੀਆਂ ਦੀਆਂ ਪੇਸ਼ਕਾਰੀਆ ਨੇ ਹਾਜ਼ਰੀਨ ਦਾ ਖੂਬ ਮਨੋਰੰਜਨ ਕੀਤਾ ਤੇ ਪੂਰਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗਿਆ ਗਿਆ। ਸਮਾਗਮ ਦੌਰਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਆਏ ਹੋਏ ਮਹਿਮਾਨਾਂ ਤੇ ਸੰਗਤ ਲਈ ਖਾਣ-ਪੀਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਪ੍ਰੋਗਰਾਮ ਦੇ ਅਖੀਰ ’ਚ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਇਸ ਮੇਲੇ ’ਚ ਪੁੱਜੇ ਮੁੱਖ ਮਹਿਮਾਨਾਂ ਤੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ।