- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਐੱਨਸੀਸੀ ਕੈਡਿਟਾਂ ਨੇ ਲਗਾਇਆ ਸਲਾਨਾ ਟ੍ਰੇਨਿੰਗ ਕੈਂਪ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਐੱਨਸੀਸੀ ਕੈਡਿਟਸ ਨੇ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਅਗਵਾਈ, ਕਾਲਜ ਦੇ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਦੀ ਦੇਖ-ਰੇਖ ’ਚ ਅਤੇ ਡਾ. ਭੁਪਿੰਦਰ ਸਿੰਘ ਇੰਚਾਰਜ ਐੱਨਸੀਸੀ ਦੀ ਅਗਵਾਈ ’ਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਸਟੇਟ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ 10 ਰੋਜ਼ਾ ਸਾਲਾਨਾ ਟ੍ਰੇਨਿੰਗ ਕੈਂਪ ਲਗਾਇਆ। ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਐੱਨਸੀਸੀ ਕੈਡਿਟਾਂ ਨੇ ਬਠਿੰਡਾ ਵਿਖੇ 1 ਜੁਲਾਈ 2026 ਤੋਂ 10 ਜੁਲਾਈ 2026 ਤੱਕ ਸਾਲਾਨਾ ਟ੍ਰੇਨਿੰਗ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਦਸ ਦਿਨਾਂ ਕੈਂਪ ਦੌਰਾਨ ਐੱਨਸੀਸੀ ਕੈਡਿਟਾਂ ਨੇ ਅਨੁਸ਼ਾਸਨ, ਲੀਡਰਸ਼ਿਪ, ਸਰੀਰਕ ਤੰਦਰੁਸਤੀ ਤੇ ਪਰੇਡ ਹੁਨਰਾਂ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ, ਜਿਸ ਦੇ ਨਤੀਜੇ ਵਜੋਂ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਟੀਮ ਨੂੰ ਬੈਸਟ ਪਰੇਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੈਂਪ ’ਚ ਬਰਨਾਲਾ ਬਠਿੰਡਾ ਤੇ ਮਾਨਸਾ ਜ਼ਿਲਿ੍ਹਆਂ ਦੇ ਵੱਖ-ਵੱਖ ਕਾਲਜਾਂ ਅਤੇ ਸਿੱਖਿਆ ਸੰਸਥਾਵਾਂ ਦੇ ਅਨੇਕਾਂ ਐੱਨਸੀਸੀ ਕੈਡਿਟਾਂ ਨੇ ਹਿੱਸਾ ਲਿਆ।
ਇਸ ਦੌਰਾਨ ਕੈਡਿਟਾਂ ਨੂੰ ਡ੍ਰਿੱਲ, ਵਿੰਗ ਨਾਲ ਸਬੰਧਿਤ ਜਾਣਕਾਰੀ, ਸ਼ਖ਼ਸੀਅਤ ਨਿਰਮਾਣ, ਲੀਡਰਸ਼ਿਪ ਵਿਕਾਸ, ਆਫ਼ਤ ਪ੍ਰਬੰਧਨ ਤੇ ਸਮਾਜਿਕ ਜ਼ਿੰਮੇਵਾਰੀਆਂ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਕੈਡਿਟਾਂ ਨੇ ਹਰ ਸਰਗਰਮੀ ’ਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਆਪਣੀ ਯੋਗਤਾ ਦਾ ਲੋਹਾ ਮਨਵਾਇਆ। ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਕਰਵਾਈ ਗਈ ਪਰੇਡ ’ਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਕੈਡਿਟਾਂ ਨੇ ਸ਼ਾਨਦਾਰ ਤਾਲਮੇਲ, ਅਨੁਸ਼ਾਸਨ ਤੇ ਪਰੇਡ ਦੀ ਉੱਤਮ ਪੇਸ਼ਕਾਰੀ ਨਾਲ ਪ੍ਰਭਾਵਿਤ ਕੀਤਾ। ਇਸ ਉੱਤਮ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਬੈਸਟ ਪਰੇਡ ਅਵਾਰਡ ਨਾਲ ਨਿਵਾਜਿਆ ਗਿਆ। ਇਸ ਪ੍ਰਾਪਤੀ ਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਕੈਡਿਟਾਂ ਦੀ ਇਸ ਉਪਲਬਧੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਕੈਡਿਟਾਂ ਦੀ ਸਖ਼ਤ ਮਿਹਨਤ, ਲਗਨ ਤੇ ਅਨੁਸ਼ਾਸਨ ਦਾ ਨਤੀਜਾ ਹੈ। ਕਾਲਜ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਨੇ ਕਿਹਾ ਇਸ ਉਪਲਬਧੀ ਨਾਲ ਕਾਲਜ ਦੇ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਣਾ ਮਿਲੇਗੀ। ਕੈਡਿਟਾਂ ਨੇ ਵੀ ਇਸ ਸਫਲਤਾ ਦਾ ਸਿਹਰਾ ਆਪਣੇ ਐੱਨ.ਸੀ.ਸੀ. ਅਧਿਕਾਰੀਆਂ, ਕਾਲਜ ਪ੍ਰਬੰਧਨ ਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਉਹ ਇਸੇ ਤਰ੍ਹਾਂ ਮਿਹਨਤ ਕਰਕੇ ਕਾਲਜ ਦਾ ਨਾਮ ਹੋਰ ਉੱਚਾ ਕਰਨਗੇ। ਇਸ ਪ੍ਰਾਪਤੀ ਲਈ ਸਮੂਹ ਕਾਲਜ ਪਰਿਵਾਰ ਨੇ ਐੱਨਸੀਸੀ ਦੇ ਇੰਚਾਰਜ ਡਾ. ਭੁਪਿੰਦਰ ਸਿੰਘ ਤੇ ਜੇਤੂ ਕੈਡਿਟਾਂ ਨੂੰ ਦਿਲੋਂ ਵਧਾਈ ਦਿੱਤੀ ਹੈ।