ਚੈੱਕ ਬਾਊਂਸ ਮਾਮਲੇ ’ਚ ਵੱਡਾ ਫ਼ੈਸਲਾ: ਅਦਾਲਤ ਨੇ ਦੋਸ਼ੀ ਨੂੰ ਸੁਣਾਈ 2 ਸਾਲ ਦੀ ਕੈਦ ਤੇ 4.59 ਲੱਖ ਰੁਪਏ ਜੁਰਮਾਨਾ
ਇਹ ਸ਼ਿਕਾਇਤ ਕਮਲਜੀਤ ਸਿੰਘ, ਵਾਸੀ ਪਿੰਡ ਹਰੀਗੜ੍ਹ ਵੱਲੋਂ ਦਾਇਰ ਕੀਤੀ ਗਈ ਸੀ। ਸ਼ਿਕਾਇਤਕਰਤਾ ਵੱਲੋਂ ਕੇਸ ਦੀ ਪੈਰਵੀ ਐਡਵੋਕੇਟ ਚੰਦਰ ਬਾਂਸਲ, ਧਨੌਲਾ ਵੱਲੋਂ ਕੀਤੀ ਗਈ। ਸ਼ਿਕਾਇਤਕਰਤਾ ਦੇ ਅਨੁਸਾਰ, ਦੋਸ਼ੀ ਵੱਲੋਂ ਮਿਤੀ 11.06.2021 ਨੂੰ 4,50,000/- ਦੀ ਰਕਮ ਕਰਜ਼ੇ ਵਜੋਂ ਲਈ ਗਈ ਸੀ। ਇਸ ਸਬੰਧੀ ਪ੍ਰੋਨੋਟ ਤੇ ਰਸੀਦ ਤਿਆਰ ਕੀਤੀ ਗਈ ਸੀ। ਇਸ ਕਰਜ਼ੇ ਦੀ ਕਾਨੂੰਨੀ ਦੇਣਦਾਰੀ ਦੀ ਅਦਾਇਗੀ ਲਈ ਦੋਸ਼ੀ ਵੱਲੋਂ ਚੈੱਕ ਨੰਬਰ 605857, ਰਕਮ 4,59,000/- ਜਾਰੀ ਕੀਤਾ ਗਿਆ।
Publish Date: Mon, 21 Sep 2026 03:19 PM (IST)
Updated Date: Mon, 21 Sep 2026 03:24 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਮਾਨਯੋਗ ਡਾ. ਗੁਰਦਰਸ਼ਨ, ਜੇ.ਐੱਮ.ਆਈ.ਸੀ. ਬਰਨਾਲਾ ਦੀ ਅਦਾਲਤ ਵੱਲੋਂ ਧਾਰਾ 138, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਅਧੀਨ ਦਾਇਰ ਚੈੱਕ ਬਾਊਂਸ ਦੇ ਮਾਮਲੇ ’ਚ ਦੋਸ਼ੀ ਗੁਰਜੀਤ ਕੌਰ, ਵਾਸੀ ਪਿੰਡ ਹਰੀਗੜ੍ਹ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਨੂੰ ਦੋਸ਼ੀ ਕਰਾਰ ਦਿੰਦਿਆਂ 2 ਸਾਲ ਦੀ ਕੈਦ ਅਤੇ 4,59,000/- ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਇਹ ਸ਼ਿਕਾਇਤ ਕਮਲਜੀਤ ਸਿੰਘ, ਵਾਸੀ ਪਿੰਡ ਹਰੀਗੜ੍ਹ ਵੱਲੋਂ ਦਾਇਰ ਕੀਤੀ ਗਈ ਸੀ। ਸ਼ਿਕਾਇਤਕਰਤਾ ਵੱਲੋਂ ਕੇਸ ਦੀ ਪੈਰਵੀ ਐਡਵੋਕੇਟ ਚੰਦਰ ਬਾਂਸਲ, ਧਨੌਲਾ ਵੱਲੋਂ ਕੀਤੀ ਗਈ। ਸ਼ਿਕਾਇਤਕਰਤਾ ਦੇ ਅਨੁਸਾਰ, ਦੋਸ਼ੀ ਵੱਲੋਂ ਮਿਤੀ 11.06.2021 ਨੂੰ 4,50,000/- ਦੀ ਰਕਮ ਕਰਜ਼ੇ ਵਜੋਂ ਲਈ ਗਈ ਸੀ। ਇਸ ਸਬੰਧੀ ਪ੍ਰੋਨੋਟ ਤੇ ਰਸੀਦ ਤਿਆਰ ਕੀਤੀ ਗਈ ਸੀ। ਇਸ ਕਰਜ਼ੇ ਦੀ ਕਾਨੂੰਨੀ ਦੇਣਦਾਰੀ ਦੀ ਅਦਾਇਗੀ ਲਈ ਦੋਸ਼ੀ ਵੱਲੋਂ ਚੈੱਕ ਨੰਬਰ 605857, ਰਕਮ 4,59,000/- ਜਾਰੀ ਕੀਤਾ ਗਿਆ।
ਚੈੱਕ ਬੈਂਕ ’ਚ ਪੇਸ਼ ਕਰਨ ’ਤੇ ਉਹ ਬੈਂਕ ’ਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਿਆ। ਇਸ ਉਪਰੰਤ ਸ਼ਿਕਾਇਤਕਰਤਾ ਵੱਲੋਂ ਕਾਨੂੰਨੀ ਨੋਟਿਸ ਜਾਰੀ ਕਰਕੇ ਚੈੱਕ ਦੀ ਰਕਮ ਦੀ ਅਦਾਇਗੀ ਦੀ ਮੰਗ ਕੀਤੀ ਗਈ ਪਰ ਰਕਮ ਦੀ ਅਦਾਇਗੀ ਨਾ ਹੋਣ ਕਾਰਨ ਧਾਰਾ 138 ਐਨਆਈ ਐਕਟ ਅਧੀਨ ਸ਼ਿਕਾਇਤ ਦਾਇਰ ਕੀਤੀ ਗਈ।
ਮਾਮਲੇ ਦੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਵੱਲੋਂ ਪ੍ਰੋਨੋਟ ਮਿਤੀ 11.06.2021 ਤੇ ਰਸੀਦ ਸਮੇਤ ਹੋਰ ਦਸਤਾਵੇਜ਼ ਅਦਾਲਤ ’ਚ ਪੇਸ਼ ਕੀਤੇ ਗਏ। ਸ਼ਿਕਾਇਤਕਰਤਾ ਦੀ ਗਵਾਹੀ ਦੌਰਾਨ ਹੋਈ ਵਿਸਥਾਰਪੂਰਵਕ ਜਿਰ੍ਹਾ ’ਚ ਵੀ ਉਸ ਵੱਲੋਂ ਆਪਣੇ ਬਿਆਨ 'ਤੇ ਕਾਇਮ ਰਹਿੰਦਿਆਂ ਦੋਸ਼ੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਗਿਆ।
ਸ਼ਿਕਾਇਤਕਰਤਾ ਦੇ ਵਕੀਲ ਐਡਵੋਕੇਟ ਚੰਦਰ ਬਾਂਸਲ ਵੱਲੋਂ ਅਦਾਲਤ ’ਚ ਦਲੀਲ ਦਿੱਤੀ ਗਈ ਕਿ ਰਿਕਾਰਡ 'ਤੇ ਮੌਜੂਦ ਦਸਤਾਵੇਜ਼ੀ ਤੇ ਮੌਖਿਕ ਸਬੂਤਾਂ ਤੋਂ ਦੋਸ਼ੀ ਦੀ ਕਾਨੂੰਨੀ ਦੇਣਦਾਰੀ ਤੇ ਚੈੱਕ ਜਾਰੀ ਕਰਨ ਦੀ ਗੱਲ ਸਾਬਤ ਹੁੰਦੀ ਹੈ ਤੇ ਦੋਸ਼ੀ ਵੱਲੋਂ ਪੇਸ਼ ਕੀਤਾ ਗਿਆ ਬਚਾਅ ਕਾਨੂੰਨੀ ਤੌਰ 'ਤੇ ਸ਼ਿਕਾਇਤਕਰਤਾ ਦੇ ਕੇਸ ਨੂੰ ਖੰਡਿਤ ਨਹੀਂ ਕਰਦਾ।
ਮਾਨਯੋਗ ਅਦਾਲਤ ਵੱਲੋਂ ਰਿਕਾਰਡ 'ਤੇ ਮੌਜੂਦ ਸਬੂਤਾਂ, ਦਸਤਾਵੇਜ਼ਾਂ, ਗਵਾਹੀ, ਜਿਰ੍ਹਾ ਤੇ ਦੋਵਾਂ ਧਿਰਾਂ ਦੀਆਂ ਦਲੀਲਾਂ 'ਤੇ ਵਿਚਾਰ ਕਰਨ ਉਪਰੰਤ ਦੋਸ਼ੀ ਗੁਰਜੀਤ ਕੌਰ ਨੂੰ ਧਾਰਾ 138 ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਅਧੀਨ ਦੋਸ਼ੀ ਕਰਾਰ ਦਿੰਦਿਆਂ 2 ਸਾਲ ਦੀ ਕੈਦ ਤੇ 4,59,000/- ਜੁਰਮਾਨੇ ਦੀ ਸਜ਼ਾ ਸੁਣਾਈ ਗਈ।