ਸਰਕਾਰੀ ਡਿਪੂ ’ਤੇ ਕਣਕ ਦੀ ਵੰਡ ਨੂੰ ਲੈ ਕੇ ਖਪਤਕਾਰਾਂ ਦਾ ਰੋਸ ਸਰਕਾਰੀ ਡਿਪੂ ’ਤੇ ਕਣਕ ਦੀ ਵੰਡ ਨੂੰ ਲੈ ਕੇ ਖਪਤਕਾਰਾਂ ਦਾ ਰੋਸ
Publish Date: Tue, 15 Sep 2026 05:42 PM (IST)
Updated Date: Wed, 16 Sep 2026 04:06 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪਿੰਡ ਵਜੀਦਕੇ ਕਲਾਂ ਵਿਖੇ ਸਰਕਾਰੀ ਸੁਸਾਇਟੀ ’ਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਚਲਾਏ ਜਾ ਰਹੇ ਡਿਪੂ ’ਤੇ ਕਣਕ ਦੀ ਵੰਡ ਦੌਰਾਨ ਤੋਲ ਘੱਟ ਹੋਣ, ਕਣਕ ਦੀ ਸਫਾਈ ਅਤੇ ਕਈ ਪਰਿਵਾਰਾਂ ਨੂੰ ਕਣਕ ਨਾ ਮਿਲਣ ਦੇ ਮਾਮਲੇ ਨੂੰ ਲੈ ਕੇ ਖਪਤਕਾਰਾਂ ਵਿੱਚ ਰੋਸ ਪੈਦਾ ਹੋ ਗਿਆ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਖਪਤਕਾਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਡਿਪੂ ਹੋਲਡਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੁਸ਼ਕਲਾਂ ਦੇ ਹੱਲ ਦੀ ਮੰਗ ਕੀਤੀ। ਇਸ ਮੌਕੇ ਹਰਜੀਤ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ ਸਮੇਤ ਹੋਰ ਖਪਤਕਾਰਾਂ ਨੇ ਦੋਸ਼ ਲਗਾਇਆ ਕਿ ਸਰਕਾਰੀ ਡਿਪੂ ’ਤੇ ਜਨਤਕ ਵੰਡ ਪ੍ਰਣਾਲੀ ਤਹਿਤ ਮਿਲਣ ਵਾਲੀ ਰਾਹਤ ਸਮੱਗਰੀ ਤੇ ਕਣਕ ਦੀ ਪੂਰੀ ਸਪਲਾਈ ਨਹੀਂ ਮਿਲ ਰਹੀ। ਖਪਤਕਾਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਮਹਿਕਮੇ ਦੀਆਂ ਕੁਝ ਤਕਨੀਕੀ ਜਾਂ ਰਿਕਾਰਡ ਸਬੰਧੀ ਗਲਤੀਆਂ ਕਾਰਨ ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਣ ਦੇ ਬਾਵਜੂਦ ਆਧਾਰ ਕਾਰਡ ਕਿਸੇ ਹੋਰ ਵਿਅਕਤੀ ਨਾਲ ਜੋੜ ਦਿੱਤੇ ਗਏ ਹਨ। ਇਸ ਕਾਰਨ ਉਨ੍ਹਾਂ ਨੂੰ ਸਰਕਾਰੀ ਕਣਕ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਖਜ਼ਾਨਚੀ ਮਾਨ ਸਿੰਘ ਗੁਰਮ ਅਤੇ ਜਥੇਬੰਦੀ ਦੀ ਔਰਤ ਆਗੂ ਕੁਲਵਿੰਦਰ ਕੌਰ ਵਜੀਦਕੇ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਗਰੀਬ ਪਰਿਵਾਰਾਂ ਨੂੰ ਸਰਕਾਰੀ ਡਿਪੂਆਂ ਰਾਹੀਂ ਕਣਕ ਅਤੇ ਹੋਰ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ’ਤੇ ਕਈ ਖਪਤਕਾਰਾਂ ਨੂੰ ਪੂਰਾ ਰਾਸ਼ਨ ਨਾ ਮਿਲਣ ਕਾਰਨ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਜੀਦਕੇ ਕਲਾਂ ਦੇ ਡਿਪੂ ’ਤੇ ਕਣਕ ਅਤੇ ਹੋਰ ਸਮੱਗਰੀ ਦੀ ਵੰਡ ਨੂੰ ਲੈ ਕੇ ਖਪਤਕਾਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਰਕਾਰੀ ਡਿਪੂਆਂ ’ਤੇ ਗਰੀਬ ਲੋਕਾਂ ਲਈ ਭੇਜੀ ਜਾਂਦੀ ਕਣਕ ਅਤੇ ਹੋਰ ਰਾਹਤ ਸਮੱਗਰੀ ਦੀ ਪੂਰੀ ਮਾਤਰਾ ਅਤੇ ਪਾਰਦਰਸ਼ੀ ਢੰਗ ਨਾਲ ਵੰਡ ਯਕੀਨੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਖਪਤਕਾਰਾਂ ਨੂੰ ਨਾਲ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।ਉਧਰ ਡਿਪੂ ਹੋਲਡਰ ਗੁਰਦੀਪ ਸਿੰਘ ਨੇ ਖਪਤਕਾਰਾਂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਣਕ ਅਤੇ ਹੋਰ ਸਮੱਗਰੀ ਦੀ ਵੰਡ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ। ਪਹਿਲਾਂ ਤਿੰਨ ਮਹੀਨਿਆਂ ਦੀ ਇੱਕ ਪਰਚੀ ਨਿਕਲਦੀ ਸੀ, ਪਰ ਹੁਣ ਤਿੰਨ ਮਹੀਨਿਆਂ ਦੀਆਂ ਤਿੰਨ ਪਰਚੀਆਂ ਨਿਕਲਣ ਕਾਰਨ ਮਸ਼ੀਨਾਂ ਵਿੱਚ ਤਕਨੀਕੀ ਸਮੱਸਿਆ ਆ ਰਹੀ ਹੈ । ਤਕਨੀਕੀ ਸਮੱਸਿਆ ਕਾਰਨ ਖਪਤਕਾਰਾਂ ਦੇ ਨਾਲ-ਨਾਲ ਡਿਪੂ ਹੋਲਡਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਂਦਿਆਂ ਪਰਚੀ ਪ੍ਰਣਾਲੀ ਨੂੰ ਸੁਖਾਲਾ ਬਣਾਉਣ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਮਨੋਜ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ-ਪੜਤਾਲ ਕੀਤੀ ਜਾਵੇਗੀ। ਜੇਕਰ ਕਿਸੇ ਖਪਤਕਾਰ ਨੂੰ ਕਣਕ ਦੀ ਵੰਡ ਜਾਂ ਰਾਸ਼ਨ ਸਬੰਧੀ ਕੋਈ ਇਤਰਾਜ਼ ਜਾਂ ਸਮੱਸਿਆ ਹੈ ਤਾਂ ਉਹ ਵਿਭਾਗ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾ ਸਕਦਾ ਹੈ ।