
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਰਨਾਲਾ 'ਚ ਮੁਕੰਮਲ ਬੰਦ, ਆਵਾਜਾਈ ਰਹੀ ਠੱਪ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਪੈਰੋਲ ਦੇ ਅਧਿਕਾਰ ਤੇ ਲੰਘੀ 15 ਅਗਸਤ ਨੂੰ ਸ਼ਾਂਤਮਈ ਰੋਸ ਮਾਰਚ ਦੌਰਾਨ ਸੰਗਤ ਉੱਪਰ ਹੋਈ ਪੁਲਿਸ ਕਾਰਵਾਈ ਦੇ ਰੋਸ ਵਜੋਂ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਦਾ ਸ਼ੁੱਕਰਵਾਰ ਨੂੰ ਬਰਨਾਲਾ ਸ਼ਹਿਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਚੱਲਦਿਆਂ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ ਤੇ ਆਮ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਬਾਜ਼ਾਰਾਂ ’ਚ ਸਿਰਫ਼ ਇੱਕਾ-ਦੁੱਕਾ ਮੈਡੀਕਲ ਸਟੋਰ ਹੀ ਖੁੱਲ੍ਹੇ ਨਜ਼ਰ ਆਏ।
--ਸਕੂਲ ਪ੍ਰਬੰਧਕਾਂ ਵੱਲੋਂ ਛੁੱਟੀ ਦਾ ਐਲਾਨ
ਸਥਿਤੀ ਨੂੰ ਦੇਖਦਿਆਂ ਬਰਨਾਲਾ ਦੇ ਨਿੱਜੀ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ, ਜਦੋਂ ਕਿ ਸਟਾਫ਼ ਨੂੰ ਸਕੂਲਾਂ ਵਿੱਚ ਬੁਲਾਇਆ ਗਿਆ ਸੀ। ਟਰਾਂਸਪੋਰਟ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ
ਬੰਦ ਦਾ ਸਭ ਤੋਂ ਵੱਡਾ ਅਸਰ ਟਰਾਂਸਪੋਰਟ ਖੇਤਰ 'ਤੇ ਪਿਆ। ਬਰਨਾਲਾ ਬੱਸ ਸਟੈਂਡ ਤੋਂ ਕਿਸੇ ਵੀ ਨਿੱਜੀ ਟਰਾਂਸਪੋਰਟਰ ਦੀ ਬੱਸ ਪੰਜਾਬ ਬੰਦ ਦੇਸ਼ ਦਿੱਤੇ ਸਮੇਂ ਤੱਕ ਕਿਸੇ ਵੀ ਰੂਟ ਲਈ ਰਵਾਨਾ ਨਹੀਂ ਹੋਈ। ਸਰਕਾਰੀ ਬੱਸਾਂ ਦੀ ਸਥਿਤੀ ਵੀ ਸੁਸਤ ਰਹੀ ਤੇ ਸਵੇਰੇ 9 ਵਜੇ ਤੱਕ ਮਹਿਜ਼ 5-6 ਬੱਸਾਂ ਹੀ ਲੁਧਿਆਣਾ, ਜਲੰਧਰ, ਪਟਿਆਲਾ ਤੇ ਮਾਨਸਾ ਲਈ ਰਵਾਨਾ ਹੋ ਸਕੀਆਂ।
--ਮਨੁੱਖੀ ਅਧਿਕਾਰਾਂ ਦਾ ਗੰਭੀਰ ਮੁੱਦਾ: ਮੋਰਚਾ ਆਗੂ
ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ 83 ਸਾਲਾ ਬਜ਼ੁਰਗ ਮਾਂ ਦੀ ਨਾਜ਼ੁਕ ਹਾਲਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਮਿਲਣ ਤੇ ਗਲ਼ੇ ਲਗਾਉਣ ਲਈ ਆਖ਼ਰੀ ਪਲਾਂ 'ਚ ਇੰਤਜ਼ਾਰ ਕਰ ਰਹੀ ਹੈ। ਮੋਰਚੇ ਨੇ ਇਸ ਨੂੰ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਨਾਲ ਜੁੜਿਆ ਇੱਕ ਬਹੁਤ ਹੀ ਸੰਵੇਦਨਸ਼ੀਲ ਤੇ ਗੰਭੀਰ ਮੁੱਦਾ ਕਰਾਰ ਦਿੱਤਾ। ਆਗੂਆਂ ਨੇ ਦੱਸਿਆ ਕਿ ਇਹ ਬੰਦ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰੱਖਿਆ ਗਿਆ ਸੀ। ਇਸ ਦੌਰਾਨ ਸਕੂਲ, ਕਾਲਜ, ਬਾਜ਼ਾਰ, ਵਪਾਰਕ ਅਦਾਰੇ ਅਤੇ ਹਾਈਵੇਅ ’ਤੇ ਆਵਾਜਾਈ ਮੁਕੰਮਲ ਬੰਦ ਰਹੀ, ਜਦਕਿ ਐਂਬੂਲੈਂਸ, ਹਸਪਤਾਲ ਅਤੇ ਫਾਇਰ ਬ੍ਰਿਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਬੰਦ ਤੋਂ ਪੂਰੀ ਛੋਟ ਦਿੱਤੀ ਗਈ ਸੀ।
--ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਡਾ ਸਮਰਥਨ
ਮੋਰਚੇ ਵੱਲੋਂ ਪੰਜਾਬ ਦੇ ਵਪਾਰ ਮੰਡਲਾਂ, ਟਰਾਂਸਪੋਰਟ ਯੂਨੀਅਨਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਮੁਲਾਜ਼ਮਾਂ ਤੇ ਆਮ ਨਾਗਰਿਕਾਂ ਨੂੰ ਜਾਤ-ਪਾਤ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਮਰਥਨ ਦੇਣ ਦੀ ਅਪੀਲ ਕੀਤੀ ਗਈ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਜ਼ਿਕਰਯੋਗ ਹੈ ਕਿ ਇਸ ਬੰਦ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਵੱਲੋਂ ਵੀ ਪੂਰਨ ਸਮਰਥਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਪੰਜਾਬ ਦੇ ਰਾਜਪਾਲ ਨੂੰ ਪਿਛਲੇ ਦਿਨੀਂ ਲਿਖਤੀ ਮੰਗ ਭੇਜੀ ਜਾ ਚੁੱਕੀ ਹੈ। ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਖੁਦ ਵੀ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਸਬੰਧੀ ਹਾਂ ਪੱਖੀ ਮਿਲ ਚੁੱਕੇ ਹਨ। ਸਿੰਘਾਂ ਦੀ ਰਿਹਾਈ ਲਈ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ ਮੰਚ ਤੇ ਹਨ ਉੱਥੇ ਹੀ ਹਰ ਵਰਗ ਦੇ ਲੋਕ ਅਤੇ ਹਰ ਜਥੇਬੰਦੀ ਸਮਰਥਨ ਦੇ ਵਿੱਚ ਉੱਤਰੀ ਹੈ ਜਿਸ ਕਰਕੇ ਮੁਕੰਮਲ ਬੰਦ ਨੂੰ ਭਰਮਾ ਹੁੰਗਾਰਾ ਮਿਲਿਆ ਹੈ।