- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰੀਆਭੱਟ ਕਾਲਜ ’ਚ ਪੋਸਟਰ ਲਗਾਉਣ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਟਕਰਾਅ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਪਿੰਡ ਚੀਮਾ ਵਿਖੇ ਬਰਨਾਲਾ-ਮੋਗਾ ਰੋਡ ’ਤੇ ਸਥਿਤ ਆਰੀਆ ਭੱਟ ਕਾਲਜ ਵਿੱਚ ਪ੍ਰਧਾਨਗੀ ਦੇ ਅਹੁਦੇ ਸਬੰਧੀ ਪੋਸਟਰ ਲਗਾਉਣ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਜ਼ਬਰਦਸਤ ਤਕਰਾਰ ਹੋ ਗਈ। ਇਸ ਦੌਰਾਨ ਕਈ ਵਾਹਨਾਂ ਦੀ ਭੰਨਤੋੜ ਵੀ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਰਨਾਲਾ ਪੁਲਿਸ ਦੇ ਵੱਖ-ਵੱਖ ਥਾਣਿਆਂ ਅਤੇ ਚੌਕੀਆਂ ਦੀ ਪੁਲਿਸ ਭਾਰੀ ਗਿਣਤੀ ਵਿੱਚ ਮੌਕੇ ’ਤੇ ਪਹੁੰਚੀ ਅਤੇ ਕਰੀਬ ਵੱਡੀ ਗਿਣਤੀ ’ਚ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ। ਜਾਣਕਾਰੀ ਅਨੁਸਾਰ ਆਰੀਆਭੱਟ ਕਾਲਜ ਚੀਮਾ ’ਚ ਵੱਡੀ ਗਿਣਤੀ ’ਚ ਨੌਜਵਾਨ ਪਹੁੰਚੇ ਤੇ ਪ੍ਰਧਾਨਗੀ ਦੇ ਅਹੁਦੇ ਸਬੰਧੀ ਦਾਅਵੇ ਵਾਲੇ ਪੋਸਟਰ ਲਗਾਉਣ ਲੱਗੇ। ਇਸ ਕਾਰਨ ਕਾਲਜ ’ਚ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਾਲਜ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।
ਗੱਲਬਾਤ ਕਰਦਿਆਂ ਕਾਲਜ ਦੇ ਚੇਅਰਮੈਨ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਾਲਜ ਵਿੱਚ ਵੱਖ-ਵੱਖ ਕੋਰਸਾਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਇੱਕ ਦਿਨ ਪਹਿਲਾਂ ਵੀ ਕੁਝ ਬਾਹਰੀ ਨੌਜਵਾਨ ਕਾਲਜ ਵਿੱਚ ਆ ਕੇ ਪ੍ਰਧਾਨਗੀ ਦੇ ਦਾਅਵੇ ਵਾਲੇ ਪੋਸਟਰ ਲਗਾ ਗਏ ਸਨ, ਜਿਸ ਦੀ ਸੂਚਨਾ ਪੁਲਿਸ ਚੌਕੀ ਨੂੰ ਦਿੱਤੀ ਗਈ ਸੀ। ਮੁੜ ਸੈਂਕੜੇ ਨੌਜਵਾਨ ਕਾਲਜ ਦੇ ਗੇਟ ਅਤੇ ਕੰਧਾਂ ਕੋਲ ਪਹੁੰਚ ਕੇ ਪੋਸਟਰ ਲਗਾਉਣ ਲੱਗੇ। ਹੰਗਾਮਾ ਵਧਦਾ ਦੇਖ ਕੇ ਕਾਲਜ ਪ੍ਰਬੰਧਕਾਂ ਨੇ ਦੁਬਾਰਾ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਸਦਰ ਥਾਣੇ ਦੀ ਪੁਲਿਸ ਤੋਂ ਇਲਾਵਾ ਸੀਆਈਏ ਸਟਾਫ਼, ਥਾਣਾ ਸ਼ਹਿਣਾ ਤੇ ਹੋਰ ਪੁਲਿਸ ਥਾਣਿਆਂ ਤੇ ਚੌਕੀਆਂ ਦੇ ਮੁਲਾਜ਼ਮ ਤਾਇਨਾਤ ਰਹੇ। ਪੁਲਿਸ ਵੱਲੋਂ ਸੜਕ ’ਤੇ ਕਰੀਬ ਨੌਜਵਾਨਾਂ ਨੂੰ ਘੇਰ ਕੇ ਹਿਰਾਸਤ ’ਚ ਲਿਆ ਗਿਆ।
ਇਨ੍ਹਾਂ ਵਿੱਚ ਕੁਝ ਕਾਲਜ ਦੇ ਵਿਦਿਆਰਥੀ, ਜਦਕਿ ਜ਼ਿਆਦਾਤਰ ਬਾਹਰੀ ਨੌਜਵਾਨ ਦੱਸੇ ਜਾ ਰਹੇ ਹਨ। ਇਸ ਦੌਰਾਨ ਕਈ ਵਾਹਨਾਂ ਦੇ ਅਗਲੇ ਅਤੇ ਸਾਈਡ ਵਾਲੇ ਸ਼ੀਸ਼ੇ ਟੁੱਟੇ ਹੋਏ ਮਿਲੇ। ਹਿਰਾਸਤ ਵਿੱਚ ਲਏ ਨੌਜਵਾਨਾਂ ਨੂੰ ਪੁਲਿਸ ਗੱਡੀਆਂ ਵਿੱਚ ਬਿਠਾ ਕੇ ਚੌਕੀ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਦੋਵੇਂ ਧੜੇ ਸੱਤਾਧਾਰੀ ਪਾਰਟੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਦੋਵਾਂ ਧੜਿਆਂ ਵੱਲੋਂ ਲਗਾਏ ਗਏ ਪੋਸਟਰਾਂ ’ਤੇ ਪੰਜਾਬ ਦੇ ਮੁੱਖ ਮੰਤਰੀ, ਸੰਸਦ ਮੈਂਬਰ ਮੀਤ ਹੇਅਰ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਕਾਲਜ ਪ੍ਰਬੰਧਕਾਂ ਅਨੁਸਾਰ ਇਸ ਮਾਮਲੇ ਵਿੱਚ ਕਾਲਜ ਦੇ ਦੋ-ਤਿੰਨ ਵਿਦਿਆਰਥੀਆਂ ਦੀ ਸ਼ਮੂਲੀਅਤ ਵੀ ਹੋ ਸਕਦੀ ਹੈ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉੱਧਰ, ਸਦਰ ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।