- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਵੱਲੋਂ ਪੁਲਿਸ ਮਹਿਕਮੇ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਤੇ ਇਮਾਨਦਾਰਾਨਾ ਸੇਵਾਵਾਂ ਬਦਲੇ ਬੀ.ਜੀ.ਐੱਸ. ਪਬਲਿਕ ਸਕੂਲ ਭਦੌੜ ਵਿਖੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਵੱਲੋਂ ਪੁਲਿਸ ਮਹਿਕਮੇ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਤੇ ਇਮਾਨਦਾਰਾਨਾ ਸੇਵਾਵਾਂ ਬਦਲੇ ਬੀ.ਜੀ.ਐੱਸ. ਪਬਲਿਕ ਸਕੂਲ ਭਦੌੜ ਵਿਖੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਸਮਾਗਮ ਸਾਬਕਾ ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਗਰਗ ਭਦੌੜ ਵੱਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਗਏ ਕੁਇਜ਼ ਮੁਕਾਬਲਿਆਂ ਦੌਰਾਨ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਇੰਸਪੈਕਟਰ ਬਲਜੀਤ ਸਿੰਘ ਦਾ ਪ੍ਰਬੰਧਕਾਂ ਵੱਲੋਂ ਗੁਲਦਸਤਾ ਭੇਟ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਸਮੇਤ ਉੱਚ ਸ਼ਖ਼ਸੀਅਤਾਂ ਨੇ ਆਜ਼ਾਦੀ ਦਿਹਾੜੇ 'ਤੇ ਰਾਸ਼ਟਰਪਤੀ ਮੈਡਲ ਪ੍ਰਾਪਤ ਕਰ ਚੁੱਕੇ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮਦਿਨ ਤੇ "ਅਤੀ ਉਤਕ੍ਰਿਸ਼ਟ ਸੇਵਾ ਪਦਕ' ਹਾਸਿਲ ਕਰਨ ਵਾਲੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਦੋਸ਼ਾਲਾ ਤੇ ਸਨਮਾਨ ਚਿੰਨ੍ਹ ਦੇ ਕੇ ਭਦੌੜ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ, ਡੀ.ਐੱਸ.ਪੀ. ਤਪਾ ਮੰਡੀ ਜਸਕਰਮ ਸਿੰਘ ਬਰਾੜ, ਐੱਸ.ਐੱਚ.ਓ. ਥਾਣਾ ਭਦੌੜ ਹਰਸਿਮਰਨ ਸਿੰਘ, ਉੱਘੇ ਸਮਾਜ ਸੇਵੀ ਅਰੁਨ ਸਿੰਗਲਾ, ਬੀ.ਜੀ.ਐੱਸ. ਸਕੂਲ ਦੇ ਪ੍ਰਿੰਸੀਪਲ ਨਿਰਦੋਸ਼ ਰੱਲਣ, ਸਾਬਕਾ ਕੌਂਸਲਰ, ਇਲਾਕੇ ਦੇ ਮੋਹਤਬਰਾਂ ਸਮੇਤ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੱਡੀ ਗਿਣਤੀ 'ਚ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇੰਸਪੈਕਟਰ ਬਲਜੀਤ ਸਿੰਘ ਨੂੰ 15 ਅਗਸਤ ਨੂੰ 'ਰਾਸ਼ਟਰਪਤੀ ਮੈਡਲ' ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਸ਼ੁਭ ਮੌਕੇ 'ਤੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਵੱਲੋਂ ਜਾਰੀ ਹੁਕਮਾਂ ਤਹਿਤ ਉਨ੍ਹਾਂ ਨੂੰ 'ਅਤੀ ਉਤਕ੍ਰਿਸ਼ਟ ਸੇਵਾ ਪਦਕ' ਲਈ ਚੁਣਿਆ ਗਿਆ ਹੈ, ਜਿਸ ਨਾਲ ਜ਼ਿਲ੍ਹਾ ਪੁਲਿਸ 'ਚ ਖੁਸ਼ੀ ਦੀ ਲਹਿਰ ਹੈ। ਇੰਸਪੈਕਟਰ ਬਲਜੀਤ ਸਿੰਘ ਦੀ ਤਿੱਖੀ ਨਜ਼ਰ ਅਤੇ ਰੌਸ਼ਨ ਦਿਮਾਗ ਦੀ ਬਦੌਲਤ ਸਮਾਜ ਵਿਰੋਧੀ ਅੰਸਰਾਂ, ਤਸਕਰਾਂ ਅਤੇ ਗੁਆਂਢੀ ਸੂਬਿਆਂ ਤੋਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਮਿਲੀ ਸਫ਼ਲਤਾ ਦੀ ਸ਼ਲਾਘਾ ਪੂਰੇ ਪੰਜਾਬ 'ਚ ਕੀਤੀ ਜਾਂਦੀ ਹੈ। ਉਨ੍ਹਾਂ ਦੀਆਂ ਇਨ੍ਹਾਂ ਬਿਹਤਰੀਨ ਸੇਵਾਵਾਂ ਅਤੇ ਸਨਮਾਨ ਮਿਲਣ 'ਤੇ ਭਦੌੜ ਸਮੇਤ ਪੂਰੇ ਖੇਤਰ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ।