ਗੰਦੇ ਪਾਣੀ ਦੇ ਨਿਪਟਾਰੇ ਨੂੰ ਲੈ ਕੇ ਭੜਕੇ ਪਿੰਡ ਵਾਸੀ, ਵਿਕਾਸ ਦਫ਼ਤਰ ’ਚ ਕੀਤਾ ਰੋਸ ਪ੍ਰਦਰਸ਼ਨ ਜ਼ਿਲ੍ਹੇ ਦੇ ਪਿੰਡ ਬਦਰਾ ’ਚ ਨਵੀਆਂ ਬਣ ਰਹੀਆਂ ਗਲੀਆਂ ਦੇ ਉੱਚੇ ਲੇਵਲ ਕਾਰਨ ਘਰਾਂ ਅੰਦਰ ਨਾਲੀਆਂ ਦਾ ਗੰਦਾ ਪਾਣੀ ਦਾਖਲ ਹੋਣ ਦੀ ਗੰਭੀਰ ਸਮੱਸਿਆ ਸਾਹਮਣੇ ਆਈ ਹੈ। ਪ੍ਰਸ਼ਾਸਨਿਕ ਅਣਦੇਖੀ ਤੋਂ ਦੁਖੀ ਹੋ ਕੇ ਜਦੋਂ ਪੀੜਤ ਪਰਿਵਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਬਰਨਾਲਾ ਦਫ਼ਤਰ ਪੁੱਜੇ ਤਾਂ ਉੱਥੇ ਮੌਜੂਦ ਮੁਲਾਜ਼ਮਾਂ ਵੱਲੋਂ ਕਥਿਤ ਤੌਰ 'ਤੇ ਉਨ੍ਹਾਂ ਨਾਲ ਗਾਲੀ-ਗਲੋਚ ਤੇ ਧੱਕਾਮੁੱਕੀ ਕੀਤੀ ਗਈ।
Publish Date: Fri, 16 Oct 2026 07:02 PM (IST)
Updated Date: Fri, 16 Oct 2026 07:07 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਬਦਰਾ ’ਚ ਨਵੀਆਂ ਬਣ ਰਹੀਆਂ ਗਲੀਆਂ ਦੇ ਉੱਚੇ ਲੇਵਲ ਕਾਰਨ ਘਰਾਂ ਅੰਦਰ ਨਾਲੀਆਂ ਦਾ ਗੰਦਾ ਪਾਣੀ ਦਾਖਲ ਹੋਣ ਦੀ ਗੰਭੀਰ ਸਮੱਸਿਆ ਸਾਹਮਣੇ ਆਈ ਹੈ। ਪ੍ਰਸ਼ਾਸਨਿਕ ਅਣਦੇਖੀ ਤੋਂ ਦੁਖੀ ਹੋ ਕੇ ਜਦੋਂ ਪੀੜਤ ਪਰਿਵਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਬਰਨਾਲਾ ਦਫ਼ਤਰ ਪੁੱਜੇ ਤਾਂ ਉੱਥੇ ਮੌਜੂਦ ਮੁਲਾਜ਼ਮਾਂ ਵੱਲੋਂ ਕਥਿਤ ਤੌਰ 'ਤੇ ਉਨ੍ਹਾਂ ਨਾਲ ਗਾਲੀ-ਗਲੋਚ ਤੇ ਧੱਕਾਮੁੱਕੀ ਕੀਤੀ ਗਈ। ਇਸ ਤੋਂ ਬਾਅਦ ਦਫ਼ਤਰ ਅੰਦਰ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਤੇ ਪੀੜਤ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਘਰਾਂ ’ਚ ਫੈਲ ਰਹੀਆਂ ਬਿਮਾਰੀਆਂ, ਬੱਚਿਆਂ ਤੇ ਪਸ਼ੂਆਂ ਦਾ ਜੀਣਾ ਮੁਹਾਲ ਇਸ ਮੌਕੇ ਮੌਜੂਦ ਦਰਸ਼ਨ ਸਿੰਘ, ਹਰਿੰਦਰਪਾਲ ਸਿੰਘ ਹੈਪੀ, ਗੁਰਪਿਆਰ ਸਿੰਘ, ਗਿਆਨੀ ਜਗਸੀਰ ਸਿੰਘ, ਜਰਨੈਲ ਸਿੰਘ ਤੇ ਮਨਪ੍ਰੀਤ ਕੌਰ ਆਦਿ ਨੇ ਦੱਸਿਆ ਕਿ ਪੰਚਾਇਤ ਵੱਲੋਂ ਬਣਾਈਆਂ ਜਾ ਰਹੀਆਂ ਨਵੀਆਂ ਗਲੀਆਂ ਦਾ ਲੇਵਲ ਉੱਚਾ ਚੁੱਕ ਦਿੱਤਾ ਗਿਆ ਹੈ, ਜਿਸ ਕਰਕੇ ਉਨ੍ਹਾਂ ਦੇ ਨੀਵੇਂ ਘਰਾਂ 'ਚ ਨਾਲੀਆਂ ਦਾ ਗੰਦਾ ਪਾਣੀ ਵੜ ਰਿਹਾ ਹੈ। ਪਾਣੀ ਖੜ੍ਹਾ ਹੋਣ ਕਾਰਨ ਮੱਖੀਆਂ-ਮੱਛਰਾਂ ਦੀ ਭਰਮਾਰ ਹੋ ਗਈ ਹੈ ਤੇ ਪਸ਼ੂਆਂ ਦੇ ਵੀ ਧਫ਼ੜੀਆਂ ਪੈ ਗਈਆਂ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਗੰਦੇ ਪਾਣੀ ਦੀ ਬਦਬੂ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਤੇ ਪਹਿਲਾਂ ਵੀ ਉਨਾਂ ਦੇ ਪਰਿਵਾਰ 'ਚ ਕੈਂਸਰ ਨਾਲ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ।
ਅੰਗਹੀਣ ਬੱਚੇ ਨੂੰ ਮੋਢਿਆਂ ’ਤੇ ਚੁੱਕ ਕੇ ਸਕੂਲ ਛੱਡਣ ਲਈ ਮਜਬੂਰ ਮਾਪੇ
ਪੀੜਤ ਪਰਿਵਾਰਾਂ ਨਾਲ ਪਹੁੰਚੇ 9ਵੀਂ ਜਮਾਤ ਦੇ 13 ਸਾਲਾ ਅੰਗਹੀਣ ਵਿਦਿਆਰਥੀ ਅਵੀਜੋਤ ਸਿੰਘ ਦੇ ਮਾਪਿਆਂ ਨੇ ਹੱਥ ਜੋੜ ਕੇ ਆਪਣਾ ਦੁੱਖੜਾ ਸੁਣਾਇਆ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਕਾਰਨ ਉਹ ਆਪਣੇ ਦਿਵਿਆਂਗ ਬੱਚੇ ਨੂੰ ਰੋਜ਼ਾਨਾ ਮੋਢਿਆਂ 'ਤੇ ਚੁੱਕ ਕੇ ਸਕੂਲ ਛੱਡਣ ਤੇ ਲਿਆਉਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਹੋਰ ਛੋਟੇ ਬੱਚੇ ਹਰਮਨਜੋਤ ਸਿੰਘ ਤੇ ਇੱਕ ਮਾਸੂਮ ਬੱਚੀ ਵੀ ਅਧਿਕਾਰੀਆਂ ਅੱਗੇ ਆਪਣੀ ਤਕਲੀਫ਼ ਬਿਆਨ ਕਰਦੇ ਨਜ਼ਰ ਆਏ।
ਖ਼ੁਦਕੁਸ਼ੀ ਦੀ ਧਮਕੀ ਤੋਂ ਬਾਅਦ ਹਰਕਤ ’ਚ ਆਇਆ ਪ੍ਰਸ਼ਾਸਨ ਪੀੜਤ ਲੋਕਾਂ ਨੇ ਦੱਸਿਆ ਕਿ 5 ਅਕਤੂਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਸੀ, ਜੋ 6 ਅਕਤੂਬਰ ਨੂੰ ਸਬੰਧਤ ਦਫ਼ਤਰ ਪੁੱਜ ਗਈ ਸੀ। ਪਰ 10 ਦਿਨ ਬੀਤਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਸ਼ੁੱਕਰਵਾਰ ਨੂੰ 16 ਅਕਤੂਬਰ ਨੂੰ ਜਦੋਂ ਪਰਿਵਾਰਾਂ ਨੇ ਦਫ਼ਤਰ ਵਿਖੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ, ਤਾਂ ਜਾ ਕੇ ਪ੍ਰਸ਼ਾਸਨਿਕ ਕਾਮੇ ਹਰਕਤ 'ਚ ਆਏ।
2 ਦਿਨਾਂ ਅੰਦਰ ਸਮੱਸਿਆ ਹੱਲ ਕਰਨ ਦੀ ਲਿਖਤੀ ਵਚਨਬੱਧਤਾ
ਲੰਮੇ ਸਮੇਂ ਤੱਕ ਚੱਲੇ ਹੰਗਾਮੇ ਤੋਂ ਬਾਅਦ, ਵਿਭਾਗ ਦੇ ਡੀਡੀ ਮਨਪ੍ਰੀਤ ਸਿੰਘ ਦਿਓਲ, ਜੇ.ਈ. ਜਸਬੀਰ ਸਿੰਘ ਤੇ ਸੁਪਰਡੈਂਟ ਨੇ ਮੌਕੇ 'ਤੇ ਦਫਤਰ ਪਹੁੰਚ ਕੇ ਸਥਿਤੀ ਸੰਭਾਲੀ। ਉਨ੍ਹਾਂ ਵੱਲੋਂ ਪੀੜਤ ਪਰਿਵਾਰਾਂ ਨੂੰ ਲਿਖਤੀ ਭਰੋਸਾ ਦਿੱਤਾ ਗਿਆ ਕਿ 2 ਦਿਨਾਂ ਦੇ ਅੰਦਰ-ਅੰਦਰ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇਗਾ। ਅਧਿਕਾਰੀਆਂ ਨੇ ਜੇ.ਈ. ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਕਿ ਪੰਚਾਇਤ ਵੱਲੋਂ ਪਾਈ ਗਈ ਵਾਧੂ ਮਿੱਟੀ ਨੂੰ ਤੁਰੰਤ ਚੁੱਕਵਾ ਕੇ ਪਾਣੀ ਦਾ ਲੰਘਾਅ ਨਿਰਵਿਘਨ ਕੀਤਾ ਜਾਵੇ। ਲਿਖਤੀ ਭਰੋਸਾ ਮਿਲਣ ਤੇ ਕਥਿਤ ਭੱਦੀ ਸ਼ਬਦਾਵਲੀ ਵਰਤਣ ਵਾਲੇ ਮੁਲਾਜ਼ਮ ਵੱਲੋਂ ਮਾਫ਼ੀ ਮੰਗਣ ਤੋਂ ਬਾਅਦ ਹੀ ਮਾਮਲਾ ਸ਼ਾਂਤ ਹੋਇਆ।