ਪੰਚਾਇਤੀ ਫ਼ੰਡਾਂ ’ਚ ਗਬਨ ਦਾ ਮਾਮਲਾ : ਪੰਚਾਇਤ ਵੱਲੋਂ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ, FIR ਦਰਜ ਕਰਨ ਦੀ ਮੰਗ
ਪੰਚਾਇਤ ਨੇ ਮੰਗ ਕੀਤੀ ਕਿ ਇਸ ਗਬਨ ਲਈ ਜ਼ਿੰਮੇਵਾਰ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਤੁਰੰਤ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ ਤੇ ਉਨ੍ਹਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ
Publish Date: Tue, 21 Jul 2026 02:51 PM (IST)
Updated Date: Tue, 21 Jul 2026 02:57 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪਿੰਡ ਛੀਨੀਵਾਲ ਕਲਾਂ ਦੀ ਗ੍ਰਾਮ ਪੰਚਾਇਤ ਵੱਲੋਂ ਪਿਛਲੇ ਦਿਨੀਂ ਪੰਚਾਇਤੀ ਫ਼ੰਡਾਂ ’ਚ ਹੋਈ ਕਥਿਤ ਹੇਰਾਫੇਰੀ ਤੇ ਗਬਨ ਦੇ ਮਾਮਲੇ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਗਿਆ ਹੈ। ਇਸੇ ਸਬੰਧ ’ਚ ਸਮੂਹ ਗ੍ਰਾਮ ਪੰਚਾਇਤ ਵੱਲੋਂ ਅਧਿਕਾਰਤ ਸਰਪੰਚ ਗੁਰਮੀਤ ਸਿੰਘ ਬਦੋਹਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਵਫ਼ਦ ਇਨਕੁਆਰੀ ਅਫ਼ਸਰ-ਕਮ-ਐੱਸਡੀਐੱਮ ਤਪਾ ਆਯੂਸ਼ ਗੋਇਲ ਤੇ ਐੱਸਪੀਐਚ ਬਰਨਾਲਾ ਨੂੰ ਮਿਲਿਆ। ਪੰਚਾਇਤ ਵੱਲੋਂ ਦੋਵਾਂ ਉੱਚ ਅਧਿਕਾਰੀਆਂ ਨੂੰ ਇੱਕ ਲਿਖਤੀ ਮੰਗ ਪੱਤਰ ਸੌਂਪ ਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ।
ਫ਼ਰਜ਼ੀ ਬਿੱਲ ਤੇ ਮਹਿੰਗੇ ਰੇਟਾਂ ਦੇ ਪਾਈਪਾਂ ਦਾ ਮਾਮਲਾ ਐੱਸਡੀਐੱਮ ਤਪਾ ਤੇ ਐਸਪੀਐਚ ਬਰਨਾਲਾ ਨਾਲ ਮੁਲਾਕਾਤ ਦੌਰਾਨ ਸਰਪੰਚ ਗੁਰਮੀਤ ਸਿੰਘ ਬਦੋਹਲ ਤੇ ਪੰਚਾਂ ਨੇ ਦੱਸਿਆ ਕਿ ਪਿੰਡ ’ਚ ਸੀਵਰੇਜ ਦੀਆਂ ਪਾਈਪਾਂ ਪਾਉਣ ਦੇ ਨਾਂ 'ਤੇ ਪੰਚਾਇਤੀ ਫ਼ੰਡਾਂ ਦੀ ਵੱਡੀ ਦੁਰਵਰਤੋਂ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਫ਼ਰਜ਼ੀ ਬਿੱਲ ਤਿਆਰ ਕਰਕੇ ਤੇ ਬਹੁਤ ਜ਼ਿਆਦਾ ਮਹਿੰਗੇ ਰੇਟਾਂ 'ਤੇ ਸੀਵਰੇਜ ਪਾਈਪਾਂ ਦੀ ਖ਼ਰੀਦ ਦਿਖਾ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਗਿਆ ਹੈ। ਪੰਚਾਇਤ ਨੇ ਮੰਗ ਕੀਤੀ ਕਿ ਇਸ ਗਬਨ ਲਈ ਜ਼ਿੰਮੇਵਾਰ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਤੁਰੰਤ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ ਤੇ ਉਨ੍ਹਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ ਤਾਂ ਜੋ ਪਿੰਡ ਦੇ ਵਿਕਾਸ ਦੇ ਪੈਸੇ ਦੀ ਹੋਈ ਲੁੱਟ ਦਾ ਇਨਸਾਫ਼ ਮਿਲ ਸਕੇ। ਅਧਿਕਾਰੀਆਂ ਨੇ ਪੰਚਾਇਤ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪੰਚ ਸੰਦੀਪ ਕੌਰ, ਪੰਚ ਕਿਰਨਪਾਲ ਕੌਰ, ਪੰਚ ਅਮਰਜੀਤ ਕੌਰ, ਪੰਚ ਹਰਜੀਤ ਕੌਰ, ਪੰਚ ਮਨਜੀਤ ਕੌਰ, ਪੰਚ ਗੁਰਜੀਤ ਸਿੰਘ, ਪੰਚ ਬੇਅੰਤ ਸਿੰਘ, ਪੰਚ ਏਕਮ ਸਿੰਘ, ਪੰਚ ਗੁਰਸੇਵਕ ਸਿੰਘ ਸਮੇਤ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।