- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਦੇ ਅਹਾਤਾ ਨਰੈਣ ਸਿੰਘ ਮਹੱਲੇ 'ਚ ਨਵੇਂ ਟਿਊਬਵੈੱਲ ਤੋਂ ਆਇਆ ਕਾਲਾ ਪਾਣੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਸ਼ਹਿਰ ਦੇ ਅਹਾਤਾ ਨਰੈਣ ਸਿੰਘ ਮਹੱਲੇ 'ਚ ਨਵੇਂ ਲਗਾਏ ਗਏ ਟਿਊਬਵੈੱਲ ਨੇ ਸ਼ੁਰੂ ਹੁੰਦਿਆਂ ਹੀ ਇਲਾਕਾ ਨਿਵਾਸੀਆਂ ਲਈ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਪੀਣ ਵਾਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹਾਲ ਹੀ ਵਿੱਚ ਚਿੰਟੂ ਪਾਰਕ ਵਿਖੇ 45 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਸੀ। ਪਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਵਾਲੇ ਦਿਨ ਹੀ ਘਰਾਂ ਦੀਆਂ ਟੂਟੀਆਂ ਵਿੱਚੋਂ ਸਾਫ਼ ਪਾਣੀ ਦੀ ਥਾਂ ਕਾਲਾ ਤੇ ਰੇਤਲਾ ਪਾਣੀ ਆਉਣਾ ਸ਼ੁਰੂ ਹੋ ਗਿਆ, ਜਿਸ ਨਾਲ ਇਲਾਕਾ ਨਿਵਾਸੀਆਂ 'ਚ ਭਾਰੀ ਰੋਸ ਫੈਲ ਗਿਆ।
--ਮਹੱਲਾ ਵਾਸੀਆਂ ਕੀਤਾ ਸਰਕਾਰ ਖਿਲਾਫ਼ ਰੋਸ
ਇਲਾਕਾ ਨਿਵਾਸੀ ਕੁਲਵਿੰਦਰ ਸਿੰਘ ਜੱਸਲ, ਹਰਮੇਲ ਸਿੰਘ, ਨਛੱਤਰ ਸਿੰਘ,ਕੁਲਵਿੰਦਰ ਸਿੰਘ ਕਾਲਾ, ਧਰਮਿੰਦਰ ਸਿੰਘ ਬਿੱਟੂ, ਅਰਜਨ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਜੋਤ, ਮਨਪ੍ਰੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਮੁਹਿੰਦਰ ਕੌਰ, ਕਰਨਜੀਤ ਕੌਰ, ਬਿਮਲਾ, ਜਸਵੀਰ ਕੌਰ ਆਦਿ ਨੇ ਦੱਸਿਆ ਕਿ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਤਿਉਹਾਰ ਦੇ ਦਿਨ ਵੀ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਵਾਂਝੇ ਰਹਿਣਾ ਪਿਆ। ਨਿਰਾਸ਼ ਮਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਪਾਣੀ ਦੀਆਂ ਪਾਈਪਾਂ ਦੀ ਤੁਰੰਤ ਜਾਂਚ ਕਰਵਾ ਕੇ ਸਮੱਸਿਆ ਦੇ ਪੱਕੇ ਹੱਲ ਦੀ ਮੰਗ ਕੀਤੀ।
--‘ਆਪ’ ਸਰਕਾਰ ’ਚ ਲੋਕ ਪਾਣੀ ਨੂੰ ਤਰਸੇ : ਮਹੇਸ਼ ਲੋਟਾ
ਤਿਉਹਾਰ ਵਾਲੇ ਦਿਨ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਲੋਕਾਂ ਦਾ ਮੁੱਦਾ ਬਲਾਕ ਬਰਨਾਲਾ ਦੇ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਊਸ਼ਾ ਰਾਣੀ ਦੇ ਫਰਜ਼ੰਦ ਮਹੇਸ਼ ਕੁਮਾਰ ਲੋਟਾ ਨੇ ਚੱਕਦਿਆਂ ਸਰਕਾਰ 'ਤੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਢਲੀਆਂ ਸਹੂਲਤਾਂ ਦੇਣ ’ਚ ਨਾਕਾਮ ਰਹੀ ਹੈ ਤੇ ਸਿਰਫ਼ ਪ੍ਰਚਾਰ ਤੱਕ ਸੀਮਤ ਹੈ। ਉਨਾਂ ਦੀ ਸਰਕਾਰ ਚ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ।
--ਸਰਕਾਰ ਖਿਲਾਫ਼ ਲਾਵਾਂਗੇ ਧਰਨਾ : ਕੌਂਸਲਰ
ਨਗਰ ਨਿਗਮ ਬਰਨਾਲਾ ਦੇ ਭਾਜਪਾ ਕੌਂਸਲਰ ਰਾਜੂ ਚੌਧਰੀ ਨੇ ਕਿਹਾ ਕਿ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਸਾਫ਼ ਪਾਣੀ ਦੀ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਉਹ ਸਰਕਾਰ ਖ਼ਿਲਾਫ਼ ਧਰਨਾ ਦੇਣਗੇ। ਉਹਨਾਂ ਦੱਸਿਆ ਕਿ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐਸਡੀਓ ਨਾਲ ਉਹ ਬਾਰ-ਬਾਰ ਰਾਬਤਾ ਕਰ ਰਹੇ ਹਨ ਪਰ ਉਹ ਇਸ ਮਸਲੇ ਦਾ ਕੋਈ ਢੁਕਵਾਂ ਹੱਲ ਨਹੀਂ ਕਰ ਰਹੇ।
--ਕੱਲ ਹੋਵੇਗਾ ਮਸਲਾ ਹੱਲ : ਐਸਡੀਓ
ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐੱਸ.ਡੀ.ਓ. ਮਨਜੀਤ ਸਿੰਘ ਨੇ ਦੱਸਿਆ ਕਿ ਦੋ ਦਿਨ ਟਿਊਬਵੈੱਲ ਬੰਦ ਰਹਿਣ ਕਰਕੇ ਤੇ ਘਰਾਂ 'ਚ ਲੱਗੇ ਟੁੱਲੂ ਪੰਪਾਂ ਕਾਰਨ ਪਾਈਪਾਂ ਖਾਲੀ ਹੋ ਗਈਆਂ ਸਨ। ਸੰਭਾਵਨਾ ਹੈ ਕਿ ਕਿਸੇ ਜਗ੍ਹਾ ਤੋਂ ਸੀਵਰੇਜ ਦਾ ਪਾਣੀ ਵਾਟਰ ਸਪਲਾਈ ਦੀ ਪਾਈਪ ’ਚ ਰਲ ਗਿਆ ਹੋਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਭਾਗੀ ਟੀਮ ਭੇਜ ਕੇ ਜਾਂਚ ਕੀਤੀ ਜਾਵੇਗੀ ਤੇ ਜਲਦ ਸਮੱਸਿਆ ਹੀ ਭਾਵ ਕੱਲ ਹੀ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ।