ਕੇਂਦਰੀ ਲੇਬਰ ਕਾਨੂੰਨਾਂ ਵਿਰੁੱਧ ਬਿਜਲੀ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਕੀਤੀ ਗੇਟ ਰੈਲੀ
ਕੇਂਦਰੀ ਲੇਬਰ ਕਾਨੂੰਨਾਂ ਵਿਰੁੱਧ ਬਿਜਲੀ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ ਲਗਾ ਕੀਤੀ ਗੇਟ ਰੈਲੀ
Publish Date: Wed, 01 Apr 2026 05:55 PM (IST)
Updated Date: Wed, 01 Apr 2026 05:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲ ਕਲਾਂ : ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ, ਐਸੋਸੀਏਸਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਯੂਨੀਅਨ, ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਐੱਮਐੱਸਯੂ ਸਮੇਤ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਵੱਲੋਂ 29 ਲੇਬਰ ਕਾਨੂੰਨਾਂ ਨੂੰ ਰੱਦ ਕਰ ਕੇ 4 ਨਵੇਂ ਲੇਬਰ ਕਾਨੂੰਨ ਜ਼ਬਦਸਤੀ ਲਾਗੂ ਕਰਨ ਦੇ ਵਿਰੋਧ ’ਚ ਕਾਲੇ ਬਿੱਲੇ ਲਾ ਗੇਟ ਰੈਲੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਦੇ ਸਕੱਤਰ ਕੁਲਵੀਰ ਸਿੰਘ ਔਲਖ ਨੇ ਕਿਹਾ ਕਿ ਪੁਰਖਿਆਂ ਵੱਲੋਂ ਅਨੇਕਾਂ ਕੁਰਬਾਨੀਆਂ ਅਤੇ ਤਿੱਖੇ ਸੰਘਰਸ਼ਾਂ ਰਾਹੀਂ ਸੈਟਰ ਸਰਕਾਰਾਂ ਨੇ ਮਜ਼ਦੂਰਾਂ, ਮੁਲਾਜ਼ਮਾਂ ਅਤੇ ਕੀਰਤੀ ਲੋਕਾਂ ਦੇ ਹੱਕ ’ਚ ਕਾਨੂੰਨ ਲਾਗੂ ਕਰਵਾਏ ਸਨ। ਪਰ ਅੱਜ ਕੇਂਦਰ ਸਰਕਾਰ ਵਿਦੇਸ਼ੀ ਕੰਪਨੀਆਂ ਅਤੇ ਦੇਸ਼ ਦੇ ਕਾਰਪੋਰੇਟਾਂ ਦੇ ਹਿੱਤ ’ਚ ਇਹ ਕਾਨੂੰਨ ਲਾਗੂ ਕਰ ਰਹੀ ਹੈ, ਜਿਸ ਨਾਲ ਕਿਰਤ ਕਰਨ ਵਾਲੇ ਹਰ ਵਿਅਕਤੀ ਨੂੰ ਨੁਕਸਾਨ ਹੋਵੇਗਾ। ਇਸ ਲਈ ਭਾਰਤ ਪੱਧਰ ’ਤੇ 1 ਅਪ੍ਰੈਲ ਨੂੰ ਕਿਰਤੀ ਲੋਕਾਂ ਵੱਲੋਂ ‘ਕਾਲਾ ਦਿਨ’ ਮਨਾਇਆ ਜਾ ਰਿਹਾ ਹੈ। ਸਬ ਡਵੀਜ਼ਨ ਸਕੱਤਰ ਜਸਵਿੰਦਰ ਸਿੰਘ ਚੰਨਣਵਾਲ ਨੇ ਵੀ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਸਰਕਾਰ ਲੋਕਾਂ ਦੀ ਆਵਾਜ਼ ਨੂੰ ਸਮਝ ਕੇ ਇਹ ਕਾਲੇ ਲੇਬਰ ਕਾਨੂੰਨਾਂ ਨੂੰ ਵਾਪਸ ਲੇਵੇ। ਜੇ ਇਹ ਨਹੀਂ ਹੋਇਆ ਤਾਂ ਸਮੂਹ ਭਾਰਤ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਦੁਕਾਨਦਾਰ ਇਕੱਠੇ ਹੋ ਕੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਰੈਲੀ ’ਚ ਪੰਜਾਬ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਅਤੇ ਡੀਏ ਜਾਰੀ ਨਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਦੇ ਵਿਰੋਧ ’ਚ 10 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਬਿਜਲੀ ਮੁਲਾਜ਼ਮ ਹੈੱਡ ਆਫਿਸ ਪਟਿਆਲਾ ਵਿਖੇ ਮੰਗਾਂ ਨੂੰ ਮਨਵਾਉਣ ਲਈ ਧਰਨਾ ਦੇਣਗੇ। ਧਰਨੇ ਦੀ ਤਿਆਰੀ ਲਈ 4 ਅਪ੍ਰੈਲ ਨੂੰ 66 ਕੇ ਵੀ ਗਰਿੱਡ ਧਨੌਲਾ ਰੋਡ ਬਰਨਾਲਾ ਵਿਖੇ ਕਨਵੈਨਸਨ ਕਰਵਾਈ ਜਾਵੇਗੀ, ਜਿਸ ’ਚ ਸਟੇਟ ਪੱਧਰ ਦੇ ਆਗੂ ਅਗਲੀ ਰਣਨੀਤੀ ਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਨਗੇ। ਗੇਟ ਰੈਲੀ ਦੌਰਾਨ ਮਨਦੀਪ ਸਿੰਘ ਗਹਿਲ, ਗੁਰਪ੍ਰੀਤ ਸਿੰਘ ਛੀਨੀਵਾਲ, ਤਰਨਜੀਤ ਸਿੰਘ ਵਜੀਦਕੇ ਕਲਾ, ਲਲਿਤ ਕੁਮਾਰ ਯੂਡੀਸੀ ਅਤੇ ਸੁਖਵਿੰਦਰ ਸਿੰਘ ਚੁਹਾਣਕੇ ਕਲਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜ਼ਬਰਦਸਤ ਨਾਅਰੇ ਲਾਏ ਗਏ।