ਬਰਨਾਲਾ ’ਚ ਪਹੁੰਚੀ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਬਰਨਾਲਾ ’ਚ ਪਹੁੰਚੀ ਭਾਜਪਾ ਦੀ ਨਸਾ ਮੁਕਤ ਪੰਜਾਬ ਯਾਤਰਾ
Publish Date: Thu, 24 Sep 2026 07:34 PM (IST)
Updated Date: Fri, 25 Sep 2026 04:10 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਭਾਰਤੀ ਜਨਤਾ ਪਾਰਟੀ ਵਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਵੀਰਵਾਰ ਨੂੰ ਬਰਨਾਲਾ ਦੇ ਰਾਮ ਬਾਗ ’ਚ ਬਣੇ ਸ਼ਾਂਤੀ ਹਾਲ ਵਿਖੇ ਪਹੁੰਚੀ। ਇਸ ਯਾਤਰਾ ਦਾ ਬਰਨਾਲਾ ਪੁੱਜਣ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਤੇ ਸਮੂਹ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਯਾਤਰਾ ਦੌਰਾਨ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਸੀਨੀਅਰ ਐਡਵੋਕੇਟ ਐੱਚ. ਐੱਸ. ਫੂਲਕਾ, ਦਿਆਲ ਸਿੰਘ ਸੋਢੀ, ਚਰਨਜੀਤ ਸਿੰਘ ਬਰਾੜ, ਕ੍ਰਿਸ਼ਨ ਸ਼ਰਮਾ ਤੋਂ ਇਲਾਵਾ ਹੋਰ ਕਈ ਸੀਨੀਅਰ ਭਾਜਪਾ ਆਗੂ ਸ਼ਾਮਲ ਹੋਏ। ਯਾਤਰਾ ’ਚ ਵੱਡੀ ਗਿਣਤੀ ’ਚ ਸਹਿਰ ਵਸੀ, ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ। : ਕੇਜਰੀ ਪੰਜਾਬ ਨੂੰ ਇੱਕ ਖਾਨ ਸਮਝ ਕੇ ਲੁੱਟਣ ਲਈ ਆਉਣਾ ਚਾਹੁੰਦਾ: ਰਵਨੀਤ ਸਿੰਘ ਬਿੱਟੂ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਲੁੱਟਣ ਦੇ ਇਰਾਦੇ ਨਾਲ ਪੰਜਾਬ ਦੀ ਸਿਆਸਤ ’ਚ ਦਖ਼ਲ ਦੇਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਜਿਹੀ ਸਿਆਸਤ ਤੋਂ ਸੁਚੇਤ ਰਹਿਣ ਦੀ ਲੋੜ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਦੀ ਬਿਹਤਰੀ ਲਈ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀ, ਪਰ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਲੋਕਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੁਸ਼ਹਾਲ ਸੂਬਾ ਰਿਹਾ ਹੈ ਅਤੇ ਇਸ ਦੇ ਸਰੋਤਾਂ ਤੇ ਹੱਕਾਂ ਦੀ ਰਾਖੀ ਕਰਨਾ ਸੂਬੇ ਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਵਿੱਚ ਆਪਣੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਫ਼ੈਸਲਾ ਕਰਨਗੇ। ਬਿੱਟੂ ਨੇ ਕਿਹਾ ਕਿ ਭਾਜਪਾ ’ਚ ਉਨ੍ਹਾਂ ਨੂੰ ਪੰਜਾਬੀ ਸਮਝ ਕੇ ਸਭ ਤੋਂ ਵੱਡੀ ਰੇਲਵੇ ’ਚ ਮਨਿਸਟਰੀ ਦਿੱਤੀ ਹੈ। ਉਨ੍ਹਾ ਕਿਹਾ ਕਿ ਜੇਕਰ ਪੰਜਾਬ ਦਾ ਵਿਕਾਸ ਹੋਣਾ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿੱਤ ਸ਼ਾਮ ਜੀ ਵਲੋਂ ਕੀਤਾ ਜਾਣਾ ਹੈ। ਪੰਜਾਬ ਦੇ ਲੋਕਾਂ ਨੂੰ ਆਪਣੀ ਸੋਚ ਨੂੰ ਬਦਲ ਕੇ ਪੰਜਾਬ ’ਚ ਭਾਜਪਾ ਦੀ ਸਰਕਾਰ ਨੂੰ ਲਿਆਉਣਾ ਚਾਹੁੰਦਾ ਹਾਂ। ਇਨ੍ਹਾਂ ਦੇ ਆਗੂਆਂ ਦੇ ਘਰ ਈਡੀ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹੋਰ ਵੀ ਵੱਡੇ ਘਪਲੇ ਸਾਹਮਣੇ ਆਉਣਗੇ। ਉਨ੍ਹਾ ਆਪ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਆਪ ਦੇ ਕਈ ਵੱਡੇ ਆਗੂ ਫਿਰੋਤੀਆਂ ਦੇ ਧੰਦਿਆਂ ’ਚ ਸ਼ਾਮਲ ਹਨ। ਉਨ੍ਹਾ ਕਿਹਾ ਕਿ ਆਪ ਜੋ ਪ੍ਰਧਾਨ ਹੈ ਉਹ ਸਭ ਤੋਂ ਵੱਧ ਫਿਰੌਤੀਆਂ ਦੀ ਡੀਲ ਕਰਵਾਉਂਦਾ ਹੈ। ਪੰਜਾਬ ਅੰਦਰ ਕਰੋੜਾ ਰੁਪਏ ਦਾ ਕਰਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਖੁਦ ਨਸ਼ੇ ਦੀ ਹਾਲਤ ’ਚ ਸੰਸਦ ’ਚ ਆਇਆ ਤਾਂ ਉਹ ਪੰਜਾਬ ’ਚੋ ਨਸ਼ਾ ਕਿੱਥੋ ਖਤਮ ਕਰਵਾ ਸਕਦਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖਿਆ ਹੈ। ਇਸ ਲਈ ਜੇਕਰ ਪੰਜਾਬ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਭਾਜਪਾ ਨੂੰ ਸੱਤਾ ’ਚ ਲਿਆਉਣਾ ਪਵੇਗਾ। -------- ਪੰਜਾਬ ਅੰਦਰ ਰੋਜਾਨਾ ਨਸ਼ੇ ਨਾਲ ਮੌਤਾਂ ਹੋ ਰਹੀਆਂ ਨੇ: ਸੀ.ਐਡਵੋਕੇਟ ਐੱਚ. ਐੱਸ. ਫੂਲਕਾ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਐਡਵੋਕਟ ਐੱਚਐੱਸ ਫੂਲਕਾ ਨੇ ਕਿਹਾ ਕਿ ਇਹ ਯਾਤਰਾ ਪੰਜਾਬ ਦਾ ਦਰਦ ਜੋ ਪੰਜਾਬ ਨੂੰ ਇਹ ਕੋਹੜ ਲੱਗਿਆ ਹੈ ਨਸ਼ਿਆਂ ਦਾ ਉਸ ਖਤਮ ਕਰਨ ਲਈ ਕੱਢੀ ਜਾ ਰਹੀ ਹੈ। ਪੰਜਾਬ ‘ਚ ਨਸ਼ਿਆਂ ਦੇ ਵਧ ਰਹੇ ਮਾਮਲਿਆਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਅੰਦਰ ਰੋਜ਼ਾਨਾ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ਼ ਕਿਸੇ ਇੱਕ ਪਰਿਵਾਰ ਜਾਂ ਵਰਗ ਦੀ ਨਹੀਂ, ਸਗੋਂ ਇਹ ਸਮੁੱਚੇ ਪੰਜਾਬ ਲਈ ਗੰਭੀਰ ਚੁਣੌਤੀ ਬਣ ਚੁੱਕੀ ਹੈ। ਨਸ਼ਿਆਂ ਕਾਰਨ ਕਈ ਪਰਿਵਾਰ ਆਪਣੇ ਨੌਜਵਾਨ ਪੁੱਤਰਾਂ ਨੂੰ ਗੁਆ ਰਹੇ ਹਨ ਅਤੇ ਇਸ ਨਾਲ ਪਰਿਵਾਰਕ ਤੇ ਸਮਾਜਿਕ ਢਾਂਚੇ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਪਲਾਈ ਨੂੰ ਰੋਕਣ ਦੇ ਨਾਲ-ਨਾਲ ਨਸ਼ੇ ਦੀ ਲਤ ਦਾ ਸ਼ਿਕਾਰ ਹੋਏ ਲੋਕਾਂ ਦੇ ਇਲਾਜ ਅਤੇ ਮੁੜ ਵਸੇਬੇ ਵੱਲ ਵੀ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਸੱਤਾ ’ਚ ਲਿਆਉਣਾ ਜਰੂਰੀ ਹੈ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਸਮੁੱਚੇ ਵਰਕਰਾਂ ਦਾ ਪੁੱਜਣ ਦੇ ਭਰਵਾਂ ਸਵਾਗਮ ਕੀਤਾ। ਇਸ ਮੌਕੇ ਦੀਪ ਸੰਘੇੜਾ, ਜਸਵੀਰ ਸਿੰਘ ਗੱਖੀ, ਗੁਰਜਿੰਦਰ ਪੱਪੀ, ਬੀਬੀ ਹਰਚੰਦ ਕੌਰ ਘਨੌਰੀ, ਗੁਰਜਿੰਦਰ ਸਿੰਘ ਸਿੱਧੂ, ਬੂਟਾ ਸਿੱਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।