ਬਰਨਾਲਾ ਨਿਗਮ ਦੀ ਮੀਟਿੰਗ ’ਚ ਮੇਅਰ ਨਾਲ ਭਾਜਪਾ ਕੌਂਸਲਰਾਂ ਦੀ ਖੜਕੀ ਬਰਨਾਲਾ ਨਿਗਮ ਦੀ ਮੀਟਿੰਗ ’ਚ ਮੇਅਰ ਨਾਲ ਭਾਜਪਾ ਕੌਂਸਲਰਾਂ ਦੀ ਖੜਕੀ
Publish Date: Tue, 10 Nov 2026 06:51 PM (IST)
Updated Date: Tue, 10 Nov 2026 06:54 PM (IST)
-- ਝੂਠੇ ਦੋਸ਼ ਲਾ ਕੇ ਖਿਸਕੇ ਕੁਝ ਕੌਂਸਲਰ : ਮੇਅਰ -- ਕਲੋਨੀਆਂ ਨਿਗਮ ਅਧੀਨ ਲਿਆਉਣ ’ਤੇ ਉੱਠੇ ਸਵਾਲ, ਗੰਦੇ ਪਾਣੀ ਤੇ ਸੀਵਰੇਜ ਦੇ ਮੁੱਦੇ ’ਤੇ ਘੇਰੀ ਸਰਕਾਰ, ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦਾ ਸੀ ਮਤਾ -- ਭਾਜਪਾ ਤੇ ਆਜ਼ਾਦ ਕੌਂਸਲਰਾਂ ਨੇ ਵਾਕਆਊਟ ਕਰਕੇ ਕੀਤੀ ਨਾਅਰੇਬਾਜ਼ੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਉਸ ਵੇਲੇ ਸਿਆਸੀ ਮਾਹੌਲ ਪੂਰਾ ਗਰਮਾ ਗਿਆ, ਜਦੋਂ ਭਾਜਪਾ ਦੇ ਕੌਂਸਲਰਾਂ ਨੇ ਆਪਣੇ ਵਾਰਡਾਂ ਦੇ ਵਿਕਾਸ ਕੰਮਾਂ ਨੂੰ ਏਜੰਡੇ ਵਿੱਚ ਨਾ ਰੱਖਣ ਦਾ ਰੌਲਾ ਪਾ ਕੇ ਮੀਟਿੰਗ ਵਿੱਚੋਂ ਵਾਕਆਊਟ ਕਰ ਦਿੱਤਾ। ਭਾਜਪਾ ਕੌਂਸਲਰਾਂ ਨੇ ਸਿੱਧਾ-ਸਿੱਧਾ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡਾਂ ਨਾਲ ਸ਼ਰੇਆਮ ਧੱਕਾ ਤੇ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਪੁੱਛ-ਗਿੱਛ ਤੋਂ ਬਿਨਾਂ ਹੀ ਮਤੇ ਪਾਸ ਕੀਤੇ ਜਾ ਰਹੇ ਹਨ। ਦੂਜੇ ਪਾਸੇ, ਮੇਅਰ ਹਸਨਪ੍ਰੀਤ ਭਾਰਦਵਾਜ ਨੇ ਇਨ੍ਹਾਂ ਦੋਸ਼ਾਂ ਨੂੰ ਨਿਰੀ ਸਿਆਸਤ ਦੱਸਦਿਆਂ ਕਿਹਾ ਕਿ ਭਾਜਪਾ ਵਾਲੇ ਕੌਂਸਲਰ ਤਾਂ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਵਰਗੇ ਜ਼ਰੂਰੀ ਮਤੇ ਵੇਲੇ ਮੀਟਿੰਗ ਛੱਡ ਕੇ ਭੱਜ ਗਏ। ------- ਕਾਲੋਨੀਆਂ ਦੇ ਟੇਕਓਵਰ ਤੇ ਸੀਵਰੇਜ ਦੀ ਬਦਹਾਲੀ ਤੇ ਉੱਠੇ ਸਵਾਲ ਮੀਟਿੰਗ ਵਿੱਚ ਵਿਕਾਸ ਦੇ ਕੰਮਾਂ ਅਤੇ ਕਾਲੋਨੀਆਂ ਨੂੰ ਨਿਗਮ ਅਧੀਨ ਲੈਣ ਦੇ ਮੁੱਦੇ ’ਤੇ ਸੱਤਾਧਾਰੀ ਧਿਰ ਤੇ ਵਿਰੋਧੀ ਕੌਂਸਲਰਾਂ ਵਿਚਾਲੇ ਤਿੱਖੀ ਝੜਪ ਦੇਖਣ ਨੂੰ ਮਿਲੀ। ਭਾਜਪਾ ਕੌਂਸਲਰਾਂ ਰਾਜੂ ਚੌਧਰੀ, ਸੁਨੇਹ ਲਤਾ ਅਤੇ ਧਰਮ ਸਿੰਘ ਫੌਜੀ ਆਦਿ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਹੋਰ ਵਾਰਡਾਂ ਦੇ ਕੰਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਵਾਰਡਾਂ ’ਚ ਸਰਵੇ ਤਾਂ ਕਰਵਾ ਲੈਂਦੇ ਹਨ, ਆਜ਼ਾਦ ਕੌਂਸਲਰ ਹੇਮਰਾਜ ਨੇ ਕਿਹਾ ਕਿ ਜਦੋਂ ਕੰਮ ਸ਼ੁਰੂ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਦੀ ਸਲਾਹ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ। ਵਾਕ ਆਊਟ ਕਰਨ ਵਾਲੇ ਕੌਂਸਲਰਾਂ ਨੇ ਹਾਰਮੋਨੀ ਕਾਲੋਨੀ ਸਮੇਤ ਹੋਰ ਕਾਲੋਨੀਆਂ ਨੂੰ ਨਿਗਮ ਅਧੀਨ ਲਿਆਉਣ ਦੀ ਪ੍ਰਕਿਰਿਆ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਮੰਗ ਕੀਤੀ ਕਿ ਕਾਲੋਨੀਆਂ ਨਿਗਮ ਦੇ ਹੱਥਾਂ ’ਚ ਲਿਆਉਣ ਤੋਂ ਪਹਿਲਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਹੋਰ ਲਾਜ਼ਮੀ ਸ਼ਰਤਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ, ਨਿਯਮ ਛਿੱਕੇ ਟੰਗ ਕੇ ਕੋਈ ਫ਼ੈਸਲਾ ਨਾ ਲਿਆ ਜਾਵੇ। ਇਸ ਤੋਂ ਇਲਾਵਾ, ਕੌਂਸਲਰਾਂ ਨੇ ਸ਼ਹਿਰ ’ਚ ਥਾਂ-ਥਾਂ ਲੀਕ ਹੁੰਦੇ ਸੀਵਰੇਜ, ਨਾਲਾਂ ਚ ਆਉਂਦੇ ਗੰਦੇ ਪਾਣੀ, ਪਬਲਿਕ ਪਖਾਨਿਆਂ ਦੀ ਮਾੜੀ ਹਾਲਤ ਅਤੇ ਵਾਰਡਾਂ ’ਚ ਮੁਢਲੀਆਂ ਸਹੂਲਤਾਂ ਦੀ ਘਾਟ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ। -------------- ਸਾਰੇ ਵਾਰਡਾਂ ਲਈ ਫੰਡ ਜਾਰੀ, ਦੋਸ਼ ਬੇਬੁਨਿਆਦ : ਮੇਅਰ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਭਾਜਪਾ ਕੌਂਸਲਰਾਂ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਦੱਸਿਆ ਕਿ ਹਾਊਸ ਦੇ ਏਜੰਡੇ ਵਿੱਚ ਅਹਾਤਾ ਨਾਰਾਇਣ ਸਿੰਘ ਵਾਲੇ ਇਲਾਕੇ ’ਚ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਲਈ 1 ਕਰੋੜ ਰੁਪਏ ਰੱਖੇ ਗਏ ਹਨ। ਮੇਅਰ ਨੇ ਕਿਹਾ ਕਿ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦਾ ਮਤਾ ਮੀਟਿੰਗ ਵਿੱਚ ਰੱਖਿਆ ਗਿਆ ਸੀ, ਜਿਸ ’ਚ ਖਰਚੇ ਦਾ ਹਿਸਾਬ-ਕਿਤਾਬ ਵੇਖਿਆ ਜਾਣਾ ਸੀ, ਪਰ ਭਾਜਪਾ ਕੌਂਸਲਰ ਇਸ ਅਹਿਮ ਮੁੱਦੇ ਵੇਲੇ ਹੀ ਵਾਕਆਊਟ ਕਰ ਗਏ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਪਾਰਕ ’ਚ ਸ਼ਹੀਦ ਦਾ ਬੁੱਤ ਤੇ ਸਟੇਜ ਬਣਾਉਣ ਲਈ ਫੰਡ ਪਾਸ ਕੀਤੇ ਗਏ ਹਨ। ਸ਼ਹਿਰ ’ਚ ਨਵੀਆਂ ਐਲ.ਈ.ਡੀ. ਲਾਈਟਾਂ ਲਾਉਣ ਦਾ ਕੰਮ ਛੇੜ ਦਿੱਤਾ ਗਿਆ ਹੈ ਅਤੇ ਢਾਈ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਵੀ ਲਾ ਦਿੱਤੇ ਗਏ ਹਨ। ਬਰਨਾਲਾ ਸ਼ਹਿਰ ਵਿੱਚ ਐਲਈਡੀ ਸਕਰੀਨਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਜਲਦੀ ਲੱਗ ਰਹੀਆਂ ਹਨ। ਕਾਲੋਨੀਆਂ ਦੇ ਮਾਮਲੇ ’ਤੇ ਮੇਅਰ ਨੇ ਸਾਫ਼ ਕੀਤਾ ਕਿ ਕਮਿਸ਼ਨਰ ਤੇ ਐੱਮਟੀਪੀ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਹੀ ਕਾਰਵਾਈ ਹੋ ਰਹੀ ਹੈ। ਜਿੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਜਾਂ ਹੋਰ ਸ਼ਰਤਾਂ ’ਚ ਘਾਟ ਹੋਵੇਗੀ, ਉੱਥੇ ਜਾਂਚ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ।