ਸਿਆਸਤ 'ਚ ਵੱਡੀ ਹਲਚਲ, ਗੁਰਦੀਪ ਸਿੰਘ ਬਾਠ 'ਵਾਰਿਸ ਪੰਜਾਬ ਦੇ' 'ਚ ਅੱਜ ਹੋਣਗੇ ਸ਼ਾਮਲ
ਬਰਨਾਲਾ ਦੀ ਸਿਆਸਤ 'ਚ ਅੱਜ ਮੰਗਲਵਾਰ ਬਾਅਦ ਦੁਪਹਿਰ ਵੱਡੇ ਪੱਧਰ 'ਤੇ ਹਲਚਲ ਵੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਦੇ ਲੰਮਾ ਸਮਾਂ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਹੇ ਗੁਰਦੀਪ ਸਿੰਘ ਬਾਠ, ਜੋ ਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਵੀ ਲੜ ਚੁੱਕੇ ਹਨ ਤੇ 18 ਹਜ਼ਾਰ ਦੇ ਕਰੀਬ ਵੋਟਾਂ ਪ੍ਰਾਪਤ ਕਰ ਚੁੱਕੇ ਹਨ, ਅੱਜ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
Publish Date: Tue, 25 Aug 2026 09:12 AM (IST)
Updated Date: Tue, 25 Aug 2026 09:13 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਰਨਾਲਾ ਦੀ ਸਿਆਸਤ 'ਚ ਅੱਜ ਮੰਗਲਵਾਰ ਬਾਅਦ ਦੁਪਹਿਰ ਵੱਡੇ ਪੱਧਰ 'ਤੇ ਹਲਚਲ ਵੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਦੇ ਲੰਮਾ ਸਮਾਂ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਹੇ ਗੁਰਦੀਪ ਸਿੰਘ ਬਾਠ, ਜੋ ਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਵੀ ਲੜ ਚੁੱਕੇ ਹਨ ਤੇ 18 ਹਜ਼ਾਰ ਦੇ ਕਰੀਬ ਵੋਟਾਂ ਪ੍ਰਾਪਤ ਕਰ ਚੁੱਕੇ ਹਨ, ਅੱਜ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਕਾਫ਼ੀ ਸਮੇਂ ਤੋਂ ਸਿਆਸੀ ਗਲਿਆਰਿਆਂ 'ਚ ਇਹ ਚਰਚਾ ਚੱਲ ਰਹੀ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਪਰ ਅੱਜ ਉਨ੍ਹਾਂ ਨੇ ਇਹਨਾਂ ਸਾਰੀਆਂ ਅਫ਼ਵਾਹਾਂ ਤੇ ਚਰਚਾਵਾਂ 'ਤੇ ਵਿਰਾਮ ਲਗਾ ਦਿੱਤਾ ਹੈ। ਗੁਰਦੀਪ ਸਿੰਘ ਬਾਠ ਅੱਜ ਚੰਡੀਗੜ੍ਹ ਵਿਖੇ 'ਵਾਰਿਸ ਪੰਜਾਬ ਦੇ' ਸਿਆਸੀ ਧੜੇ ਵਿੱਚ ਸ਼ਾਮਲ ਹੋ ਰਹੇ ਹਨ।
ਬਰਨਾਲਾ ਤੋਂ ਤੜਕੇ ਹੀ ਰਵਾਨਾ ਹੋਣ ਸਮੇਂ 'ਪੰਜਾਬੀ ਜਾਗਰਣ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਖ਼ੁਦ ਖ਼ੁਲਾਸਾ ਕੀਤਾ ਕਿ ਉਹ ਅੱਜ ਮਨਪ੍ਰੀਤ ਸਿੰਘ ਇਆਲੀ, ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ 'ਵਾਰਿਸ ਪੰਜਾਬ ਦੇ' ਦੀ ਹਾਈਕਮਾਂਡ ਦੀ ਅਗਵਾਈ 'ਚ ਚੰਡੀਗੜ੍ਹ ਵਿਖੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਨ ਜਾ ਰਹੇ ਹਨ।