- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਬਾਜ ਸਿੰਘ ਨੇ ਦੱਸਿਆ ਕਿ ਹੰਡਿਆਇਆ ਰੋਡ 'ਤੇ ਕੂੜੇ ਦੇ ਡੰਪ ਨਾਲ ਲੱਗਦੀ ਇੱਕ ਏਕੜ ਜ਼ਮੀਨ ਮਸੀਹੀ ਭਾਈਚਾਰੇ ਦੇ ਕਬਰਸਤਾਨ ਲਈ ਦਿੱਤੀ ਗਈ ਸੀ। ਪਰ ਹੁਣ ਨਗਰ ਨਿਗਮ ਵਾਲੇ ਉਸੇ ਜ਼ਮੀਨ 'ਚ ਕੂੜਾ-ਕਰਕਟ ਸੁੱਟ ਕੇ ਉਸ ਨੂੰ ਵੀ ਕੂੜਾ ਡੰਪ ਬਣਾ ਰਹੇ ਹਨ। ਇਸ ਗੰਦਗੀ ਨਾਲ ਮਸੀਹੀ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਨਣ, ਬਰਨਾਲਾ : ਬਰਨਾਲਾ ਦੇ ਹੰਡਿਆਇਆ ਰੋਡ 'ਤੇ ਮਸੀਹੀ ਭਾਈਚਾਰੇ ਲਈ ਮ੍ਰਿਤਕ ਦੇਹਾਂ ਦਫ਼ਨਾਉਣ ਵਾਸਤੇ ਅਲਾਟ ਕੀਤੀ ਇੱਕ ਏਕੜ (8 ਕਨਾਲ) ਜ਼ਮੀਨ ਦਾ ਮਸਲਾ ਗਰਮਾ ਗਿਆ ਹੈ। ਕ੍ਰਿਸ਼ਚੀਅਨ ਨੈਸ਼ਨਲ ਫਰੰਟ ਪੰਜਾਬ ਦੇ ਕੋਆਰਡੀਨੇਟਰ ਗੁਰਬਾਜ ਸਿੰਘ ਨੇ ਨਗਰ ਨਿਗਮ ਬਰਨਾਲਾ ਦੇ ਦਫ਼ਤਰ ਅੱਗੇ ਝੱਗਾ ਲਾਹ ਕੇ ਨੰਗੇ ਧੜ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਗੁਰਬਾਜ ਸਿੰਘ ਨੇ ਦੱਸਿਆ ਕਿ ਹੰਡਿਆਇਆ ਰੋਡ 'ਤੇ ਕੂੜੇ ਦੇ ਡੰਪ ਨਾਲ ਲੱਗਦੀ ਇੱਕ ਏਕੜ ਜ਼ਮੀਨ ਮਸੀਹੀ ਭਾਈਚਾਰੇ ਦੇ ਕਬਰਸਤਾਨ ਲਈ ਦਿੱਤੀ ਗਈ ਸੀ। ਪਰ ਹੁਣ ਨਗਰ ਨਿਗਮ ਵਾਲੇ ਉਸੇ ਜ਼ਮੀਨ 'ਚ ਕੂੜਾ-ਕਰਕਟ ਸੁੱਟ ਕੇ ਉਸ ਨੂੰ ਵੀ ਕੂੜਾ ਡੰਪ ਬਣਾ ਰਹੇ ਹਨ। ਇਸ ਗੰਦਗੀ ਨਾਲ ਮਸੀਹੀ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ।
ਉਨ੍ਹਾਂ ਆਖਿਆ ਕਿ ਕਬਰਸਤਾਨ ਦੀ ਚਾਰਦੀਵਾਰੀ ਵਾਸਤੇ 50 ਲੱਖ ਰੁਪਏ ਦਾ ਟੈਂਡਰ ਵੀ ਪਾਸ ਹੋ ਚੁੱਕਾ ਹੈ, ਪਰ ਹਾਲੇ ਤੱਕ ਨਾ ਤਾਂ ਕੰਮ ਸ਼ੁਰੂ ਕਰਵਾਇਆ ਗਿਆ ਹੈ ਤੇ ਨਾ ਹੀ ਕੂੜੇ ਦਾ ਕੋਈ ਹੱਲ ਕੀਤਾ ਗਿਆ ਹੈ। ਜਦੋਂ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਟਾਲਮਟੋਲ ਕਰਦਿਆਂ ਕਹਿੰਦੇ ਹਨ ਕਿ ਜੇਕਰ ਪੂਰੀ 1 ਏਕੜ ਜ਼ਮੀਨ ਦਿੱਤੀ ਗਈ ਤਾਂ ਕੂੜਾ ਸੁੱਟਣ ਲਈ ਥਾਂ ਘੱਟ ਜਾਵੇਗੀ।
ਗੁਰਬਾਜ ਸਿੰਘ ਮੁਤਾਬਕ 18 ਸਤੰਬਰ 2026 ਨੂੰ ਡੀਸੀ ਬਰਨਾਲਾ ਨੂੰ ਜ਼ਮੀਨ ਦਾ ਬਦਲਾਅ ਕਰਨ ਲਈ ਲਿਖਤੀ ਬੇਨਤੀ ਕੀਤੀ ਗਈ ਸੀ, ਜਿਸ 'ਤੇ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇਕਰ ਡਿਪਟੀ ਕਮਿਸ਼ਨਰ ਨੇ ਛੇਤੀ ਜ਼ਮੀਨ ਦਾ ਕੋਈ ਢੁੱਕਵਾਂ ਹੱਲ ਨਾ ਕੀਤਾ, ਤਾਂ ਉਹ 16 ਨਵੰਬਰ ਤੋਂ ਡੀਸੀ ਦਫ਼ਤਰ ਅੱਗੇ ਪੱਕੀ ਭੁੱਖ ਹੜਤਾਲ ਸ਼ੁਰੂ ਕਰਨਗੇ। ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ, ਸੰਘਰਸ਼ ਇਵੇਂ ਹੀ ਜਾਰੀ ਰਹੇਗਾ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਡੀਸੀ ਬਰਨਾਲਾ ਦੀ ਹੋਵੇਗੀ।