- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੰਡਿਆਇਆ ਰੋਡ ਤੋਂ ਹਿੰਦ ਮੋਟਰਜ਼ ਦੀ ਕੋਠੀ ਕੋਲ ਖੁੱਡੀ ਰੋਡ ਨੂੰ ਜੋੜਨ ਵਾਲੇ ਲਿੰਕ ਰੋਡ 'ਤੇ ਰੇਲਵੇ ਫਾਟਕਾਂ ਨੇੜੇ ਸੋਮਵਾਰ ਸ਼ਾਮ ਉਸ ਵੇਲੇ ਭਾਰੀ ਸਹਿਮ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ 25 ਤੋਂ 30 ਵਿਅਕਤੀਆਂ ਵੱਲੋਂ ਇੱਕ ਘਰ 'ਤੇ ਹਮਲਾ ਕਰ ਦਿੱਤਾ ਗਿਆ।

ਯਾਦਵਿੰਦਰ ਸਿੰਘ ਭੁੱਲਰ/ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਹੰਡਿਆਇਆ ਰੋਡ ਤੋਂ ਹਿੰਦ ਮੋਟਰਜ਼ ਦੀ ਕੋਠੀ ਕੋਲ ਖੁੱਡੀ ਰੋਡ ਨੂੰ ਜੋੜਨ ਵਾਲੇ ਲਿੰਕ ਰੋਡ 'ਤੇ ਰੇਲਵੇ ਫਾਟਕਾਂ ਨੇੜੇ ਸੋਮਵਾਰ ਸ਼ਾਮ ਉਸ ਵੇਲੇ ਭਾਰੀ ਸਹਿਮ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ 25 ਤੋਂ 30 ਵਿਅਕਤੀਆਂ ਵੱਲੋਂ ਇੱਕ ਘਰ 'ਤੇ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਜਿੱਥੇ ਫਾਇਰਿੰਗ ਕੀਤੀ ਗਈ, ਉੱਥੇ ਹੀ ਮੌਕੇ 'ਤੇ ਛੱਡੀ ਗਈ ਇੱਕ ਸਕੂਟਰੀ ਨੂੰ ਅੱਗ ਦੇ ਹਵਾਲੇ ਕਰਕੇ ਪੂਰੀ ਤਰ੍ਹਾਂ ਸੁਆਹ ਕਰ ਦਿੱਤਾ ਗਿਆ।
ਪੁਰਾਣੀ ਰੰਜਿਸ਼ 'ਚ ਆਕਾਸ਼ਦੀਪ 'ਤੇ ਹਮਲੇ ਦੀ ਕੋਸ਼ਿਸ਼
ਮੌਕੇ 'ਤੇ ਪਹੁੰਚੀ ਥਾਣਾ ਸਿਟੀ ਦੀ ਪੁਲਿਸ ਦੇ ਮੁਖੀ ਇੰਸਪੈਕਟਰ ਲਖਬੀਰ ਸਿੰਘ ਅਨੁਸਾਰ ਹਮਲੇ ਦਾ ਨਿਸ਼ਾਨਾ ਬਣੇ ਨੌਜਵਾਨ ਦੀ ਪਛਾਣ ਆਕਾਸ਼ਦੀਪ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਆਕਾਸ਼ਦੀਪ ਖ਼ਿਲਾਫ਼ 3 ਅਕਤੂਬਰ 2026 ਨੂੰ ਥਾਣਾ ਸਿਟੀ-2 ਵਿਖੇ ਗਰਚਾ ਰੋਡ 'ਤੇ ਹੋਈ ਝੜਪ ਸਬੰਧੀ ਮੁਕੱਦਮਾ ਨੰਬਰ 501 ਦਰਜ ਹੋਇਆ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਦੋਸ਼ੀ ਉਸ ਦੇ ਘਰ 'ਤੇ ਹਮਲਾ ਕਰਨ ਪਹੁੰਚੇ ਸਨ।
ਮੁਹੱਲਾ ਵਾਸੀਆਂ ਦੇ ਆਉਣ 'ਤੇ ਫਰਾਰ ਹੋਏ ਹਮਲਾਵਰ
ਪੀੜਤ ਆਕਾਸ਼ਦੀਪ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਕਰੀਬ 25-30 ਵਿਅਕਤੀਆਂ ਨੇ ਉਸ 'ਤੇ ਹਮਲਾ ਕੀਤਾ, ਜਿਨ੍ਹਾਂ 'ਚੋਂ 7-8 ਵਿਅਕਤੀਆਂ ਨੂੰ ਉਹ ਪਛਾਣਦਾ ਹੈ ਜਦਕਿ ਬਾਕੀ ਅਣਪਛਾਤੇ ਸਨ। ਜਦੋਂ ਮੁਹੱਲੇ ਦੇ ਲੋਕ ਇਕੱਠੇ ਹੋ ਕੇ ਪਿੱਛੇ ਪਏ ਤਾਂ ਹਮਲਾਵਰ ਆਪਣੀ ਗੱਡੀ 'ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ, ਜਦਕਿ ਉਨ੍ਹਾਂ ਦੀ ਇੱਕ ਸਕੂਟਰੀ ਉੱਥੇ ਹੀ ਰਹਿ ਗਈ।
ਫਾਇਰਿੰਗ ਤੇ ਸਕੂਟਰੀ ਨੂੰ ਅੱਗ ਲਗਾਉਣ ਨਾਲ ਫੈਲੀ ਦਹਿਸ਼ਤ
ਘਟਨਾ ਦੌਰਾਨ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਨਾਲ ਪੂਰੇ ਇਲਾਕੇ 'ਚ ਭੱਜਦੌੜ ਮੱਚ ਗਈ। ਸਥਾਨਕ ਲੋਕਾਂ ਮੁਤਾਬਕ ਕਰੀਬ 7 ਫਾਇਰ ਹੋਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਪੁਲਿਸ ਅਨੁਸਾਰ 2 ਫਾਇਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਮੌਕੇ 'ਤੇ ਛੁੱਟ ਗਈ ਸਕੂਟਰੀ ਨੂੰ ਬਾਅਦ 'ਚ ਅੱਗ ਲਗਾ ਕੇ ਮਚਾ ਦਿੱਤਾ ਗਿਆ। ਹਾਲਾਂਕਿ ਇਸ ਵਾਰਦਾਤ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ : ਥਾਣਾ ਮੁਖੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਟੀ ਪੁਲਿਸ ਇਹ ਮੁਖੀ ਇੰਸਪੈਕਟਰ ਲਖਬੀਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸੜੀ ਹੋਈ ਸਕੂਟਰੀ ਨੂੰ ਕਬਜ਼ੇ 'ਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੈਮਰਿਆਂ ਦੀ ਫੁਟੇਜ ਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਜਲਦ ਹੀ ਮੁਕੱਦਮਾ ਦਰਜ ਕੀਤਾ ਜਾਵੇਗਾ।