ਸਰਕਾਰੀ ਨੌਕਰੀ ਦੇ ਨਾਂ 'ਤੇ ਵੱਡਾ ਫ਼ਰਜ਼ੀਵਾੜਾ: 18 ਲੱਖ ਤੋਂ ਵੱਧ ਲੁੱਟ ਕੇ ਥਮਾ ਦਿੱਤਾ ਫ਼ਰਜ਼ੀ ਨਿਯੁਕਤੀ ਪੱਤਰ, ਜਦੋਂ ਗੁਰਦਾਸਪੁਰ ਪਹੁੰਚਿਆ ਤਾਂ ਉੱਡੇ ਹੋਸ਼ ਜੰਗਲਾਤ ਵਿਭਾਗ ਵਿੱਚ ਵਣ ਰੱਖਿਅਕ ਦੀ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ’ਤੇ ਮਾਨਸਾ ਦੇ ਇਕ ਵਿਅਕਤੀ ਨਾਲ 18 ਲੱਖ 33 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ-ਵਨ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤ ਨੂੰ ਜਾਅਲੀ ਜੁਆਇਨਿੰਗ ਲੈਟਰ ਅਤੇ ਆਈਡੀ ਕਾਰਡ ਦੇ ਦਿੱਤਾ ਗਿਆ ਸੀ। ਜਦੋਂ ਉਹ ਨੌਕਰੀ ਜੁਆਇਨ ਕਰਨ ਲਈ ਗੁਰਦਾਸਪੁਰ ਸਥਿਤ ਜੰਗਲਾਤ ਵਿਭਾਗ ਦੇ ਦਫ਼ਤਰ ਪਹੁੰਚਿਆ ਤਾਂ ਦਸਤਾਵੇਜ਼ ਜਾਅਲੀ ਨਿਕਲੇ।
Publish Date: Sat, 05 Sep 2026 11:26 AM (IST)
Updated Date: Sat, 05 Sep 2026 11:27 AM (IST)
ਜਾਗਰਣ ਸੰਵਾਦਦਾਤਾ, ਬਰਨਾਲਾ : ਜੰਗਲਾਤ ਵਿਭਾਗ ਵਿੱਚ ਵਣ ਰੱਖਿਅਕ ਦੀ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ’ਤੇ ਮਾਨਸਾ ਦੇ ਇਕ ਵਿਅਕਤੀ ਨਾਲ 18 ਲੱਖ 33 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ-ਵਨ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤ ਨੂੰ ਜਾਅਲੀ ਜੁਆਇਨਿੰਗ ਲੈਟਰ ਅਤੇ ਆਈਡੀ ਕਾਰਡ ਦੇ ਦਿੱਤਾ ਗਿਆ ਸੀ। ਜਦੋਂ ਉਹ ਨੌਕਰੀ ਜੁਆਇਨ ਕਰਨ ਲਈ ਗੁਰਦਾਸਪੁਰ ਸਥਿਤ ਜੰਗਲਾਤ ਵਿਭਾਗ ਦੇ ਦਫ਼ਤਰ ਪਹੁੰਚਿਆ ਤਾਂ ਦਸਤਾਵੇਜ਼ ਜਾਅਲੀ ਨਿਕਲੇ।
ਐੱਫਆਈਆਰ ਅਨੁਸਾਰ ਪਿੰਡ ਬੀਹਣੀਵਾਲ, ਜ਼ਿਲ੍ਹਾ ਮਾਨਸਾ ਦੇ ਵਾਸੀ ਛਿੰਦਾ ਸਿੰਘ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਸੁਖਪ੍ਰੀਤ ਕੌਰ ਨਾਲ ਹੋਈ ਸੀ। ਉਸ ਨੇ ਕਥਿਤ ਤੌਰ ’ਤੇ ਸਰਕਾਰੀ ਵਿਭਾਗਾਂ ਵਿੱਚ ਉੱਚੀ ਪਹੁੰਚ ਹੋਣ ਅਤੇ ਸਰਕਾਰੀ ਨੌਕਰੀਆਂ ਲਗਵਾਉਣ ਦਾ ਦਾਅਵਾ ਕੀਤਾ। ਇਸ ਤੋਂ ਬਾਅਦ ਛਿੰਦਾ ਸਿੰਘ ਨੇ ਉਸ ਨਾਲ ਵਣ ਰੱਖਿਅਕ ਦੀ ਨੌਕਰੀ ਲਗਵਾਉਣ ਲਈ ਗੱਲ ਕੀਤੀ।
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਪਹਿਲਾਂ ਨੌਕਰੀ ਲਈ 20 ਲੱਖ ਰੁਪਏ ਦੀ ਮੰਗ ਕੀਤੀ, ਪਰ ਬਾਅਦ ਵਿੱਚ 18 ਲੱਖ 33 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਉਸ ਨੇ ਵੱਖ-ਵੱਖ ਕਿਸ਼ਤਾਂ ਰਾਹੀਂ ਮੁਲਜ਼ਮਾਂ ਦੇ ਬੈਂਕ ਖਾਤਿਆਂ ਵਿੱਚ ਰਕਮ ਜਮ੍ਹਾਂ ਕਰਵਾ ਦਿੱਤੀ। ਬਾਅਦ ਵਿੱਚ ਉਸ ਨੂੰ ਜੁਆਇਨਿੰਗ ਲੈਟਰ ਅਤੇ ਆਈਡੀ ਕਾਰਡ ਦਿੱਤਾ ਗਿਆ। ਜਦੋਂ ਛਿੰਦਾ ਸਿੰਘ ਇਨ੍ਹਾਂ ਦਸਤਾਵੇਜ਼ਾਂ ਨਾਲ ਗੁਰਦਾਸਪੁਰ ਸਥਿਤ ਜੰਗਲਾਤ ਵਿਭਾਗ ਦੇ ਦਫ਼ਤਰ ਨੌਕਰੀ ਜੁਆਇਨ ਕਰਨ ਪਹੁੰਚਿਆ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਕਿਸੇ ਵੀ ਭਰਤੀ ਸੂਚੀ ਵਿੱਚ ਸ਼ਾਮਲ ਨਹੀਂ ਹੈ ਅਤੇ ਦਸਤਾਵੇਜ਼ ਵੀ ਜਾਅਲੀ ਹਨ। ਪੈਸੇ ਵਾਪਸ ਮੰਗਣ ’ਤੇ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦਿੱਤੀਆਂ। ਪੁਲਿਸ ਨੇ ਜਾਂਚ ਮਗਰੋਂ ਸੁਖਪ੍ਰੀਤ ਕੌਰ, ਨਵਜੋਤ ਸਿੰਘ, ਸੁਖਮੰਦਰ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਸੁਖਮਨਪ੍ਰੀਤ ਕੌਰ ਵਾਸੀ ਸ਼ੇਖਪੁਰ, ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।