- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਬਰਨਾਲਾ ਦੇ ਜਾਣੇ-ਪਛਾਣੇ ਸਮਾਜ ਸੇਵੀ ਤੇ ਸਿਆਸਤਦਾਨ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਦੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਹੋਈ ਉੱਚ-ਪੱਧਰੀ ਬੈਠਕ ਨੇ ਇਲਾਕੇ ਦੀ ਰਾਜਨੀਤੀ ’ਚ ਵੱਡੀ ਤਰਥੱਲੀ ਮਚਾ ਦਿੱਤੀ ਹੈ। ਸਿਆਸੀ ਮਾਹਰ ਇਸ ਮੁਲਾਕਾਤ ਨੂੰ ਮਹਿਜ਼ ਇੱਕ ਸੁਚੱਜੀ ਬੈਠਕ ਨਹੀਂ, ਸਗੋਂ ਬਰਨਾਲਾ ਜ਼ਿਲ੍ਹੇ ਦੇ ਸਿਆਸੀ ਸਮੀਕਰਨਾਂ ਨੂੰ ਬਦਲਣ ਵਾਲਾ ਮੋੜ ਮੰਨ ਰਹੇ ਹਨ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਜਾਣੇ-ਪਛਾਣੇ ਸਮਾਜ ਸੇਵੀ ਤੇ ਸਿਆਸਤਦਾਨ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਦੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਹੋਈ ਉੱਚ-ਪੱਧਰੀ ਬੈਠਕ ਨੇ ਇਲਾਕੇ ਦੀ ਰਾਜਨੀਤੀ ’ਚ ਵੱਡੀ ਤਰਥੱਲੀ ਮਚਾ ਦਿੱਤੀ ਹੈ। ਸਿਆਸੀ ਮਾਹਰ ਇਸ ਮੁਲਾਕਾਤ ਨੂੰ ਮਹਿਜ਼ ਇੱਕ ਸੁਚੱਜੀ ਬੈਠਕ ਨਹੀਂ, ਸਗੋਂ ਬਰਨਾਲਾ ਜ਼ਿਲ੍ਹੇ ਦੇ ਸਿਆਸੀ ਸਮੀਕਰਨਾਂ ਨੂੰ ਬਦਲਣ ਵਾਲਾ ਮੋੜ ਮੰਨ ਰਹੇ ਹਨ। ਫੋਟੋਆਂ ਸਾਹਮਣੇ ਆਉਂਦੇ ਹੀ ਜਿੱਥੇ ਭਾਜਪਾ ਖੇਮੇ ’ਚ ਭਾਰੀ ਉਤਸ਼ਾਹ ਹੈ, ਉੱਥੇ ਹੀ ਵਿਰੋਧੀ ਧਿਰਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਸਣ ਲੱਗ ਪਈਆਂ ਹਨ।
--ਵਿਰਕ ਦੀਆ ਇਲਾਕੇ ’ਚ ਡੂੰਘੀਆਂ ਜੜ੍ਹਾਂ ਤੇ ਵੱਡਾ ਜਨਾਧਾਰ
ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਦਾ ਇਲਾਕੇ ਦੇ ਵਿਕਾਸ ਤੇ ਲੋਕ-ਹਿੱਤ ਦੇ ਕੰਮਾਂ ’ਚ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦਾ ਜਨਾਧਾਰ ਪਿੰਡ-ਪਿੰਡ ਤੱਕ ਫੈਲਿਆ ਹੋਇਆ ਹੈ। ਹਰਿਆਣਾ ਦੇ ਸੀਐੱਮ ਨਾਲ ਹੋਈ ਇਸ ਚਰਚਾ ਤੋਂ ਬਾਅਦ ਹੁਣ ਸਾਰੇ ਅਟਕਲਾਂ ਲਗਾ ਰਹੇ ਹਨ ਕਿ ਵਿਰਕ ਆਪਣੀ ਸਿਆਸੀ ਪਾਰੀ ਦਾ ਅਧਿਕਾਰਤ ਐਲਾਨ ਕਦੋਂ ਕਰਦੇ ਹਨ।
--ਸਮਾਜ ਸੇਵਾ ਤੇ ਸਿਆਸਤ ਦਾ ਵੱਡਾ ਤਜਰਬਾ
ਭੋਲਾ ਸਿੰਘ ਵਿਰਕ ਦਾ ਰਾਜਨੀਤਿਕ ਤੇ ਸਮਾਜਿਕ ਸਫ਼ਰ ਕਾਫ਼ੀ ਲੰਮਾ ਤੇ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਆਪਣੀ ਸਿਆਸਤ ਦੀ ਸ਼ੁਰੂਆਤ 1992-97 ਦੌਰਾਨ ਭਦੌੜ ਨਗਰ ਕੌਂਸਲ ਦੇ ਕੌਂਸਲਰ ਵਜੋਂ ਭਾਰੀ ਬਹੁਮਤ ਨਾਲ ਜਿੱਤ ਕੇ ਕੀਤੀ। ਲਗਾਤਾਰ 11 ਸਾਲ ਭਦੌੜ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ, ਜਿੱਥੇ ਉਨ੍ਹਾਂ ਟਰੱਕ ਆਪਰੇਟਰਾਂ ਲਈ ਸਵਿਮਿੰਗ ਪੂਲ ਵਰਗੀਆਂ ਆਲੀਸ਼ਾਨ ਸਹੂਲਤਾਂ ਦਿੱਤੀਆਂ। ਇਸ ਤੋਂ ਇਲਾਵਾ 5 ਸਾਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਮੀਤ ਪ੍ਰਧਾਨ ਵੀ ਰਹੇ। ਵਿਰਕ ਨੇ ਕੇਂਦਰੀ ਤੇ ਰਾਜ ਪੱਧਰੀ ਅਹੁਦਿਆ ਦਾ ਨਿੱਘ ਮਾਣਦਿਆ ਲਗਾਤਾਰ 9 ਸਾਲ ਟੀਏਸੀ ਦੇ ਮੈਂਬਰ ਤੇ 1997 ਤੋਂ 2004 ਤੱਕ ਕੇਂਦਰ ਸਰਕਾਰ ਦੇ ਜੂਆਰਸੀਸੀ (ਰੇਲਵੇ ਵਿਭਾਗ) ਦੇ ਮੈਂਬਰ ਰਹੇ। ਵਿਧਾਨ ਸਭਾ ਚੋਣਾਂ ’ਚ 2002 ’ਚ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਣੇ ਤੇ ਬਰਨਾਲਾ ਤੋਂ ਚੋਣ ਲੜੀ। ਵਿਰਕ ਨੇ 16 ਹਜ਼ਾਰ ਦੇ ਕਰੀਬ ਵੋਟਾਂ ਹਾਸਲ ਕੀਤੀਆਂ। ਉਹ ਅਕਾਲੀ ਸਰਕਾਰ 'ਚ 2007 ਤੋਂ 2012 ਤੱਕ ਭਦੌੜ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਤੇ 2012 ਤੋਂ 2017 ਤੱਕ ਬਰਨਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਕਿਸਾਨਾਂ ਤੇ ਆੜ੍ਹਤੀਆਂ ਦਾ ਨਿਊਂ-ਮਾਸ ਦਾ ਰਿਸ਼ਤਾ ਮਜ਼ਬੂਤ ਕੀਤਾ। ਪਿਛਲੇ 27 ਸਾਲਾਂ ਤੋਂ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਧਾਨਗੀ ਸੰਭਾਲ ਰਹੇ ਹਨ, ਜਿੱਥੋਂ ਪੜ੍ਹ ਕੇ ਸੈਂਕੜੇ ਨੌਜਵਾਨ ਸਰਕਾਰੀ ਨੌਕਰੀਆਂ ’ਤੇ ਲੱਗੇ।
ਸਮਾਜ ਸੇਵਾ ਦੀਆਂ ਬਿਹਤਰੀਨ ਸੇਵਾਵਾਂ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਲੋਂ 2010 ’ਚ ਉਨ੍ਹਾਂ ਨੂੰ 'ਸਟੇਟ ਅਵਾਰਡ' ਨਾਲ ਨਿਵਾਜਿਆ ਗਿਆ ਸੀ।
--ਸਿਆਸੀ ਸਮੀਕਰਨ ਬਦਲਣ ਦੇ ਪੂਰੇ ਆਸਾਰ
ਕੇਂਦਰੀ ਲੀਡਰਸ਼ਿਪ ਵਲੋਂ ਪੰਜਾਬ ਦੀ ਰਾਜਨੀਤੀ ਸਰਗਰਮ ਕਰਨ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਦਿੱਤੀ ਜ਼ਿੰਮੇਵਾਰੀ ਤਹਿਤ ਇਹ ਮੁਲਾਕਾਤ ਬਹੁਤ ਅਹਿਮ ਮੰਨੀ ਜਾ ਰਹੀ ਹੈ। ਭੋਲਾ ਸਿੰਘ ਵਿਰਕ ਦਾ ਮੁੜ ਤੋਂ ਰਾਜਨੀਤੀ ’ਚ ਪੂਰੀ ਤਰ੍ਹਾਂ ਸਰਗਰਮ ਹੋਣਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਬਰਨਾਲਾ ਹੀ ਨਹੀਂ, ਸਗੋਂ ਪੂਰੇ ਮਾਲਵੇ ਦੇ ਸਿਆਸੀ ਸਮੀਕਰਨ ਬਦਲਣ ਦਾ ਦਮ-ਖਮ ਰੱਖਦਾ ਹੈ।