ਕਿਸਾਨਾਂ ਨੇ ਤਹਿਸੀਲ ਕੰਪਲੈਕਸ ਵਿਖੇ ਲਾਇਆ ਧਰਨਾ, ਕੀਤੀ ਨਾਅਰੇਬਾਜ਼ੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਪੰਜਾਬ) ਨੇ ਤਹਿਸੀਲ ਕੰਪਲੈਕਸ ਵਿਖੇ ਲਾਇਆ ਧਰਨਾ, ਕੀਤੀ ਨਾਅਰੇਬਾਜ਼ੀ
Publish Date: Thu, 08 Oct 2026 04:44 PM (IST)
Updated Date: Fri, 09 Oct 2026 04:05 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿਲਵਾਂ ਦੀ ਅਗਵਾਈ ਹੇਠ ਜਥੇਬੰਦੀ ਵੱਲੋਂ ਤਹਿਸੀਲ ਕੰਪਲੈਕਸ ਤਪਾ ਵਿਖੇ ਧਰਨਾ ਲਗਾਇਆ ਗਿਆ। ਜਿਸ ਵਿਚ ਉਨ੍ਹਾਂ ਜ਼ਮੀਨਾਂ ਦੀ ਲੇਜ਼ਰ ਮੈਪਿੰਗ ਦੀ ਪੁਰਾਣੀ ਫੀਸ ਬਹਾਲ ਕਰਨ ਅਤੇ ਝੋਨੇ ਦੀ ਪਰਾਲੀ ਦਾ ਢੁਕਵਾਂ ਹੱਲ ਕਰਨ ਸਬੰਧੀ ਮੰਗ ਰੱਖੀ। ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿਲਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨ ਦੀ ਮਿਣਤੀ ਮੌਕੇ ਰੱਖੀ ਵੱਡੀ ਫੀਸ 15 ਹਜ਼ਾਰ -20 ਹਜ਼ਾਰ ਤੋਂ ਘਟਾ ਕੇ ਪਿਛਲੇ ਸਮੇਂ ਵਾਂਗ ਕਾਨੂੰਗੋ ਫੀਸ ਹੀ ਕੀਤੀ ਜਾਵੇ। ਇਸੇ ਤਰ੍ਹਾਂ ਝੋਨੇ ਦੀ ਪਰਾਲੀ ਦਾ ਢੁਕਵਾਂ ਹੱਲ ਕੀਤਾ ਜਾਵੇ। ਕਿਉਂਕਿ ਅੱਗ ਲਾਉਣਾ ਕਿਸਾਨਾਂ ਦੀ ਮਜ਼ਬੂਰੀ ਹੈ। ਇਸ ਤੋਂ ਇਲਾਵਾ ਉਹਨਾਂ ਹੋਰ ਏਜੰਡਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਰੇਟ ਵਿਚ ਜੋ 25 ਰੁਪਏ ਨਿਗੁਣਾ ਜਿਹਾ ਵਾਧਾ ਕੀਤਾ ਗਿਆ ਹੈ, ਉਸਨੂੰ ਜਥੇਬੰਦੀ ਵੱਲੋਂ ਮੁੰਢ ਤੋਂ ਰੱਦ ਕੀਤਾ ਜਾਂਦਾ ਹੈ। ਇਹ ਰੇਟ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਸੀ-2 ਪਲੱਸ ਦਿੱਤਾ ਜਾਵੇ, ਐਮ.ਐਸ.ਪੀ ਦੀ ਲੀਗਲ ਗਰੰਟੀ ਦਿੱਤੀ ਜਾਵੇ, ਦਾਣਾ ਮੰਡੀਆਂ ’ਚ ਪਾਣੀ, ਬਿਜਲੀ, ਕੰਪਿਊਟਰ ਕੰਡਿਆਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਣ, ਤੇਲ ਅਤੇ ਖਾਦਾਂ ਦੇ ਰੇਟ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲਿਆ ਜਾਵੇ।ਇਸ ਮੌਕੇ ਹੋਰ ਬੁਲਾਰਿਆਂ ਵੱਲੋਂ ਹੋਰ ਏਜੰਡਿਆਂ ਅਤੇ ਸਰਕਾਰ ਦੀਆਂ ਵਧੀਕੀਆਂ ਤੇ ਵੀ ਚਾਨਣਾ ਪਾਇਆ। ਜਥੇਬੰਦੀ ਨੇ ਸਰਕਾਰ ਦੇ ਨਾਂਅ ਐਸਡੀਐਮ ਆਯੂਸ ਗੋਇਲ ਨੂੰ ਨੂੰ ਇੱਕ ਮੰਗ ਪੱਤਰ ਦਿੱਤਾ ਮੈਮੋਰੰਡਮ ਦਿੰਦਿਆਂ ਕਿਹਾ ਕਿ ਅਗਰ ਉਹਨਾਂ ਦੀਆਂ ਮੰਗਾਂ ਦਾ ਜਲਦ ਸਥਾਈ ਹੱਲ ਨਾ ਹੋਇਆ ਤਾਂ ਜਥੇਬੰਦੀ ਅਗਲਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਤੋਂ ਬਾਅਦ ਜਥੇਬੰਦੀ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਇਸ ਮੌਕੇ ਬਲੌਰ ਸਿੰਘ ਢਿਲਵਾਂ,ਭੋਲਾ ਸਿੰਘ ਢਿਲਵਾਂ, ਜੋਗਿੰਦਰ ਸਿੰਘ ਢਿਲਵਾਂ, ਹਰਪ੍ਰੀਤ ਸਿੰਘ, ਨਾਇਬ ਸਿੰਘ, ਸੁਖਵਿੰਦਰ ਸਿੰਘ,ਨਿਰਮਲ ਸਿੰਘ, ਪੂਰਨ ਸਿੰਘ ਧਰਮਪੁਰਾ ਮੌੜ, ਪਰਮਜੀਤ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਮੋੜ ਨਾਭਾ, ਦਰਸ਼ਨ ਸਿੰਘ, ਹਰਨੇਕ ਸਿੰਘ, ਜਾਗਰ ਸਿੰਘ, ਗੁਰਮੇਲ ਸਿੰਘ, ਅਜੈਬ ਸਿੰਘ, ਭਗਵਾਨ ਸਿੰਘ, ਪਲਵਿੰਦਰ ਸਿੰਘ ਆਦਿ ਵੱਡੀ ਗਿਣਤੀ ਚ ਜਥੇਬੰਦੀ ਦੇ ਨੁਮਾਇੰਦੇ ਹਾਜ਼ਰ ਸਨ।