- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਲਾਭ ਸਿੰਘ ਉਗੋਕੇ ਦੀਆਂ ਕੋਸ਼ਿਸ਼ਾਂ ਨਾਲ ਭਦੌੜ ਤੇ ਤਪਾ ਨੂੰ ਮਿਲੇ ਕਰੋੜਾਂ ਦੇ ਵਿਕਾਸ ਫੰਡ

-- ਆਪ ਵੱਲੋਂ ਮੁੜ ਟਿਕਟ ਮਿਲਣ ’ਤੇ ਵਰਕਰਾਂ ’ਚ ਖੁਸ਼ੀ ਦੀ ਲਹਿਰ, ਹਾਈਕਮਾਂਡ ਦਾ ਕੀਤਾ ਧੰਨਵਾਦ
-- ਭਦੌੜ 'ਚ 18.29 ਕਰੋੜ ਤੇ ਤਪਾ ’ਚ 8.80 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਲੇਖਾ-ਜੋਖਾ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਹਲਕੇ ਅਧੀਨ ਆਉਂਦੀਆਂ ਦੋ ਪ੍ਰਮੁੱਖ ਨਗਰ ਕੌਂਸਲਾਂ ਤਪਾ ਮੰਡੀ ਤੇ ਭਦੌੜ ਵਿੱਚ ਕਰੋੜਾਂ ਰੁਪਏ ਦੇ ਬਹੁ-ਪੱਖੀ ਵਿਕਾਸ ਕਾਰਜ ਕਰਵਾਏ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਆਗਾਮੀ ਚੋਣਾਂ ਲਈ ਦੂਜੀ ਵਾਰ ਉਮੀਦਵਾਰ ਐਲਾਨੇ ਜਾਣ ’ਤੇ ਵਿਧਾਇਕ ਲਾਭ ਸਿੰਘ ਉਗੋਕੇ ਨੇ ‘ਪੰਜਾਬੀ ਜਾਗਰਣ’ ਨਾਲ ਨਿੱਜੀ ਗੱਲਬਾਤ ਕਰਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਨੂੰ ਮੁੜ ਟਿਕਟ ਮਿਲਣ ਨਾਲ ਹਲਕੇ ਦੇ 'ਆਪ' ਆਗੂਆਂ ਤੇ ਵਰਕਰਾਂ 'ਚ ਸਿਆਸੀ ਉਤਸ਼ਾਹ ਦੌੜ ਗਿਆ ਹੈ।
-----
ਆਮ ਘਰਾਂ ਦੇ ਸਾਥੀਆਂ ਨੂੰ ਸਿਆਸਤ 'ਚ ਦਿੱਤੀਆਂ ਅਹਿਮ ਜ਼ਿੰਮੇਵਾਰੀਆਂ
ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਭ ਸਿੰਘ ਉਗੋਕੇ ਨੇ ਇੱਕ ਸਾਧਾਰਨ ਪਰਿਵਾਰ ’ਚੋਂ ਉੱਠ ਕੇ 63,967 ਵੋਟਾਂ (51.42%) ਹਾਸਲ ਕਰਦਿਆਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (26,409 ਵੋਟਾਂ) ਨੂੰ ਭਾਰੀ ਫਰਕ ਨਾਲ ਹਰਾਇਆ ਸੀ, ਉਸੇ ਤਰ੍ਹਾਂ ਉਨ੍ਹਾਂ ਨੇ ਆਪਣੇ ਨਾਲ ਸਾਧਾਰਨ ਪਿਛੋਕੜ ਵਾਲੇ ਸਾਥੀਆਂ ਨੂੰ ਅੱਗੇ ਲਿਆਂਦਾ। ਉਨ੍ਹਾਂ ਤਪਾ ਮੰਡੀ ਵਿਖੇ ਆਪਣੇ ਨੇੜਲੇ ਸਾਥੀ ਬਲਜੀਤ ਸਿੰਘ ਬਾਸੀ ਨੂੰ ਨਗਰ ਕੌਂਸਲ ਪ੍ਰਧਾਨ ਬਣਾਇਆ ਤੇ ਭਦੌੜ ਟਰੱਕ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ ਨੂੰ ਨਗਰ ਕੌਂਸਲ ਭਦੌੜ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪ ਕੇ ਸ਼ਹਿਰੀ ਵਿਕਾਸ ਦੀ ਵਾਗਡੋਰ ਸੌਂਪੀ।
------
ਭਦੌੜ ਅਤੇ ਤਪਾ ’ਚ ਨੇਪਰੇ ਚੜ੍ਹੇ ਵੱਡੇ ਪ੍ਰੋਜੈਕਟ
ਵਿਧਾਇਕ ਲਾਭ ਸਿੰਘ ਉਗੋਕੇ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਗਰਾਂਟਾਂ ਨਾਲ ਭਦੌੜ ਵਿਖੇ ਐੱਸ.ਟੀ.ਪੀ. ਪਲਾਂਟ, ਨਵਾਂ ਬੱਸ ਅੱਡਾ, ਨਵੇਂ ਟਿਊਬਵੈੱਲ, ਦੋ ਆਮ ਆਦਮੀ ਕਲੀਨਿਕ ਅਤੇ ‘ਸਕੂਲ ਆਫ਼ ਐਮੀਨੈਂਸ’ ਵਰਗੇ ਪ੍ਰੋਜੈਕਟ ਤਿਆਰ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਲਾਕਾ ਵਾਸੀਆਂ ਦੀ ਲੰਮੇ ਸਮੇਂ ਤੋਂ ਲਮਕਦੀ ਆਉਂਦੀ ਸਬ-ਡਿਵੀਜ਼ਨ ਦੀ ਮੰਗ ਵੀ ਜਲਦ ਪੂਰੀ ਹੋਣ ਦੀ ਆਸ ਬੱਝ ਗਈ ਹੈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਚੱਲ ਰਹੇ ਕੰਮਾਂ ਨੂੰ ਤੇਜ਼ੀ ਨਾਲ ਨਿਪਟਾਇਆ ਜਾਵੇਗਾ ਅਤੇ ਬਾਕੀ ਮੰਗਾਂ ਨੂੰ ਅਗਲੀ ਸਰਕਾਰ ਦੌਰਾਨ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।
--------------
ਭਦੌੜ ’ਚ 18.29 ਕਰੋੜ ਤੇ ਤਪਾ ’ਚ 8.80 ਕਰੋੜ ਰੁਪਏ ਦੇ ਵਿਕਾਸ
ਵਿਧਾਇਕ ਲਾਭ ਸਿੰਘ ਗੁਗੂ ਗਏ ਨੇ ਦੱਸਿਆ ਕਿ ਉਨ੍ਹਾਂ ਨੇ ਭਦੌੜ ’ਚ 18.29 ਕਰੋੜ ਤੇ ਤਪਾ ’ਚ 8.80 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਕਰਵਾਏ ਹਨ। ਭਦੌੜ ’ਚ ਐੱਸ.ਟੀ.ਪੀ. ਪਲਾਂਟ 855 ਲੱਖ, ਸੜਕਾਂ ਦੀ ਮੁਰੰਮਤ ਤੇ ਨਵੀਂ ਉਸਾਰੀ 550 ਲੱਖ, ਨਵਾਂ ਬੱਸ ਸਟੈਂਡ 200 ਲੱਖ, ਛੱਪੜਾਂ ਦਾ ਸੁਧਾਰ 132 ਲੱਖ, ਸੀ.ਸੀ.ਟੀ.ਵੀ. ਕੈਮਰੇ 52 ਲੱਖ, ਵੱਖ-ਵੱਖ ਧਰਮਸ਼ਾਲਾਵਾਂ 34 ਲੱਖ, ਪਬਲਿਕ ਸਟੇਡੀਅਮ 6 ਲੱਖ ਤੇ ਹੋਰ ਸਹੂਲਤਾਂ ਲਈ 2 ਆਮ ਆਦਮੀ ਕਲੀਨਿਕ ਤੇ ਸਕੂਲ ਆਫ਼ ਐਮੀਨੈਂਸ ਬਣ ਕੇ ਤਿਆਰ ਹਨ। ਇਸੀ ਤਰ੍ਹਾਂ ਨਗਰ ਕੌਂਸਲ ਤਪਾ ਵਿੱਚ ਹੋਏ ਵਿਕਾਸ ਕਾਰਜਾਂ ’ਚ ਸੜਕਾਂ ਦੀ ਉਸਾਰੀ ਤੇ ਸੁਧਾਰ 6.50 ਕਰੋੜ, ਸੀਵਰ ਜੈਟਿੰਗ ਮਸ਼ੀਨ 65 ਲੱਖ, ਨਗਰ ਕੌਂਸਲ ਲਈ ਨਵੀਂ ਮਸ਼ੀਨਰੀ 65 ਲੱਖ, ਸੀ.ਸੀ.ਟੀ.ਵੀ. ਕੈਮਰੇ 52 ਲੱਖ, ਰੰਗਲਾ ਪੰਜਾਬ ਸਕੀਮ ਅਧੀਨ 48 ਲੱਖ, ਹੋਰ ਸਹੂਲਤਾਂ ’ਚ 3 ਫਾਇਰ ਬ੍ਰਿਗੇਡ ਗੱਡੀਆਂ ਤੇ 2 ਨਵੇਂ ਟਿਊਬਵੈੱਲ ਲਗਾਏ ਗਏ ਹਨ। ਨਗਰ ਕੌਂਸਲ ਤਪਾ ਮੰਡੀ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਤੇ ਟਰੱਕ ਯੂਨੀਅਨ ਤੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ ਤੇ ਸਮੂਹ ਕੌਂਸਲਰਾਂ ਨੇ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਤੇ ਵਿਧਾਇਕ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।