ਸਾਵਧਾਨ ! ਬਿਨਾਂ ਆਰਡਰ ਕੀਤੇ ਘਰ ਪਹੁੰਚ ਰਿਹਾ ਪਾਰਸਲ, ਤਪਾ ਮੰਡੀ 'ਚ ਡਲਿਵਰੀ ਬੁਆਏ ਦੀ ਵੱਡੀ ਧੋਖਾਧੜੀ ਆਈ ਸਾਹਮਣੇ
ਪਰਿਵਾਰ ਵੱਲੋਂ ਡਲਿਵਰੀ ਬੁਆਏ ਦੇ ਸਾਹਮਣੇ ਹੀ ਜਦ ਪਾਰਸਲ ਖੋਲ੍ਹ ਕੇ ਦੇਖਣ ’ਤੇ ਉਸ ਵਿੱਚ ਭਾਂਡੇ ਮਾਜਨ ਵਾਲੀ ਇੱਕ ਛੋਟੀ ਜਿਹੀ ਸਾਬਨ ਦੀ ਟਿੱਕੀ ਨਿਕਲੀ, ਜਿਸਦੀ ਕੀਮਤ ਮਹਿਜ਼ 10 ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਵਾਲ ਉਠਾਇਆ ਕਿ ਜਦੋਂ ਉਨ੍ਹਾਂ ਵੱਲੋਂ ਕੋਈ ਆਰਡਰ ਹੀ ਨਹੀਂ ਕੀਤਾ ਗਿਆ
Publish Date: Sun, 02 Aug 2026 04:26 PM (IST)
Updated Date: Sun, 02 Aug 2026 04:35 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਲਿਵਰੀ ਦੇਣ ਆਏ ਇੱਕ ਨੌਜਵਾਨ ਵੱਲੋਂ ਮਹਿਜ ਇੱਕ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ 500 ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਹੁਣ ਸ਼ਹਿਰ ਵਾਸੀਆਂ ਨੂੰ ਡਿਲੀਵਰੀ ਦੇਣ ਆ ਰਹੇ ਇਨ੍ਹਾਂ ਨੌਜਵਾਨਾਂ ਤੋਂ ਚੁਕੰਨੇ ਰਹਿਣ ਦੀ ਜਰੂਰਤ ਹੈ। ਜਾਣਕਾਰੀ ਅਨੁਸਾਰ ਤਪਾ ਦੇ ਪੰਕਜ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਘਰ ਇੱਕ ਡਲਿਵਰੀ ਬੁਆਏ ਅਜਿਹਾ ਪਾਰਸਲ ਲੈ ਕੇ ਪਹੁੰਚ ਗਿਆ, ਜਿਸ ਸਬੰਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਵੱਲੋਂ ਕੋਈ ਆਰਡਰ ਨਹੀਂ ਕੀਤਾ ਗਿਆ ਸੀ। ਪਰਿਵਾਰ ਮੁਤਾਬਕ ਨਾ ਤਾਂ ਉਨ੍ਹਾਂ ਨੇ ਕੋਈ ਸਮਾਨ ਬੁੱਕ ਕਰਵਾਇਆ ਸੀ ਅਤੇ ਨਾ ਹੀ ਇਸ ਡਲਿਵਰੀ ਲਈ ਆਪਣਾ ਪਤਾ ਦਿੱਤਾ ਸੀ। ਇਸਦੇ ਬਾਵਜੂਦ ਡਲਿਵਰੀ ਬੁਆਏ ਵੱਲੋਂ ਪਾਰਸਲ ਦੀ ਡਲਿਵਰੀ ਕਰਨ ਬਦਲੇ ਕਰੀਬ 500 ਰੁਪਏ ਲੈ ਲਏ ਗਏ।
ਪਰਿਵਾਰ ਵੱਲੋਂ ਡਲਿਵਰੀ ਬੁਆਏ ਦੇ ਸਾਹਮਣੇ ਹੀ ਜਦ ਪਾਰਸਲ ਖੋਲ੍ਹ ਕੇ ਦੇਖਣ ’ਤੇ ਉਸ ਵਿੱਚ ਭਾਂਡੇ ਮਾਜਨ ਵਾਲੀ ਇੱਕ ਛੋਟੀ ਜਿਹੀ ਸਾਬਨ ਦੀ ਟਿੱਕੀ ਨਿਕਲੀ, ਜਿਸਦੀ ਕੀਮਤ ਮਹਿਜ਼ 10 ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਵਾਲ ਉਠਾਇਆ ਕਿ ਜਦੋਂ ਉਨ੍ਹਾਂ ਵੱਲੋਂ ਕੋਈ ਆਰਡਰ ਹੀ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦਾ ਨਾਮ, ਪਤਾ ਅਤੇ ਮੋਬਾਈਲ ਨੰਬਰ ਡਲਿਵਰੀ ਲਈ ਕਿਸ ਤਰ੍ਹਾਂ ਵਰਤਿਆ ਗਿਆ।
ਪੰਕਜ ਮਿੱਤਲ ਨੇ ਦੱਸਿਆ ਕਿ ਮਾਮਲਾ ਤਕਰਾਰ ਤੱਕ ਪਹੁੰਚ ਗਿਆ ਅਤੇ ਪਰਿਵਾਰ ਵੱਲੋਂ ਆਪਣੇ ਜਾਣਕਾਰਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਕਾਫ਼ੀ ਦੇਰ ਤੱਕ ਚੱਲੀ ਗੱਲਬਾਤ ਤੋਂ ਬਾਅਦ ਪਰਿਵਾਰ ਵੱਲੋਂ ਡਲਿਵਰੀ ਬੁਆਏ ਨੇ 500 ਰੁਪਏ ਵਾਪਸ ਦੇਕੇ ਖਹਿੜਾ ਛੁਡਵਾਇਆ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਆਰਡਰ ਕੀਤਾ ਕਿਸੇ ਵੀ ਡਲਿਵਰੀ ਨੂੰ ਬਿਨਾਂ ਜਾਂਚ ਕੀਤੇ ਸਵੀਕਾਰ ਨਾ ਕੀਤਾ ਜਾਵੇ। ਪਾਰਸਲ ਲੈਣ ਤੋਂ ਪਹਿਲਾਂ ਆਰਡਰ ਭੇਜਣ ਵਾਲੇ ਦੀ ਜਾਣਕਾਰੀ ਅਤੇ ਸਮਾਨ ਦੀ ਪੁਸ਼ਟੀ ਕੀਤੀ ਜਾਵੇ ਅਤੇ ਸ਼ੱਕ ਹੋਣ ’ਤੇ ਪਾਰਸਲ ਨਾ ਲਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਦੀ ਸਬੰਧਤ ਵਿਭਾਗ ਵੱਲੋਂ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਡਲਿਵਰੀ ਸੇਵਾਵਾਂ ਦੀ ਆੜ ਵਿਚ ਕਿਸੇ ਨਾਲ ਧੋਖਾਧੜੀ ਨਾ ਹੋ ਸਕੇ।