ਬੇਅੰਤ ਬਾਜਵਾ ਦਾ ਬਾਲ ਨਾਵਲ ‘ਡੀ-97’ ਲੋਕ ਅਰਪਣ
ਬੇਅੰਤ ਬਾਜਵਾ ਦਾ ਬਾਲ ਨਾਵਲ ‘ਡੀ-97’ ਲੋਕ ਅਰਪਣ
Publish Date: Wed, 18 Feb 2026 04:32 PM (IST)
Updated Date: Wed, 18 Feb 2026 04:36 PM (IST)
- ਅਜੋਕੇ ਸਮੇਂ ਦੇ ਬੱਚਿਆਂ ਦੀ ਬੁੱਧੀ ਦੇ ਹਾਣ ਦਾ ਨਾਵਲ ‘ਡੀ-97’ : ਨਿੰਦਰ ਘੁਗਿਆਣਵੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਨੌਜਵਾਨ ਨਾਵਲਕਾਰ ਬੇਅੰਤ ਸਿੰਘ ਬਾਜਵਾ ਦਾ ਬਾਲ ਨਾਵਲ ‘ਡੀ 97’ ਰਾਮ ਸਰੂਪ ਅਣਖੀ ਦੀ ਬਰਸੀ ਮੌਕੇ ਸਰਕਾਰੀ ਸੈਕੰਡਰੀ ਸਕੂਲ ਧੌਲਾ ਵਿਖੇ ਲੋਕ ਅਰਪਣ ਕੀਤਾ ਗਿਆ। ਲੋਕ ਅਰਪਣ ਮੌਕੇ ਰੱਖੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਭਦੌੜ ਲਾਭ ਸਿੰਘ ਉਗੋਕੇ ਸ਼ਾਮਲ ਹੋਏ ਅਤੇ ਪ੍ਰਧਾਨਗੀ ਉੱਘੇ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਨੇ ਕੀਤੀ। ਬਾਲ ਨਾਵਲ ‘ਡੀ 97’ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਅਜੋਕੇ ਸਮੇਂ ’ਚ ਜਿਹੋ ਜਿਹੀ ਬੁੱਧੀ ਬੱਚਿਆਂ ਦੀ ਹੈ, ਇਹ ਨਾਵਲ ਉਨ੍ਹਾਂ ਦੇ ਹਾਣ ਦਾ ਹੈ। ਕਿਉਂਕਿ ਇਸ ’ਚ ਬੱਚਿਆਂ ਲਈ ਜਗਿਆਸਾ ਪੈਦਾ ਕਰਨ ਲਈ ਵਿਗਿਆਨ, ਸਮੇਂ ਅਤੇ ਅਜੋਕੇ ਏਆਈ ਤਕਨੀਕ ਬਾਰੇ ਲਿਖਿਆ ਗਿਆ ਹੈ। ਨਾਵਲ ਬਾਰੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਅਤੇ ਲੇਖਕ ਨਵਦੀਪ ਗਿੱਲ, ਡਾ. ਕ੍ਰਾਂਤੀ ਪਾਲ, ਕਹਾਣੀਕਾਰ ਭਗਵੰਤ ਰਸੂਲਪੁਰੀ, ਸ਼ਾਇਰ ਪਾਲੀ ਖਾਦਿਮ, ਮਨਪ੍ਰੀਤ ਟਿਵਾਣਾ, ਨਾਵਲਕਾਰ ਦਰਸ਼ਨ ਗੁਰੂ, ਡਾ. ਭੁਪਿੰਦਰ ਸਿੰਘ ਬੇਦੀ, ਗੁਰਸੇਵਕ ਸਿੰਘ ਧੌਲਾ, ਪਵਨ ਪਰਿੰਦਾ ਨੇ ਆਪਣੇ ਵਿਚਾਰ ਰੱਖੇ। ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਬਾਜਵਾ ਦੀ ਇਹ 10ਵੀ ਪੁਸਤਕ ਹੈ। ਇਸ ਮੌਕੇ ਸਰਬਜੀਤ ਸਿੰਘ ਕੈਨੇਡਾ, ਡਾ. ਰਾਮਪਾਲ ਸ਼ਾਹਪੁਰੀ, ਰਾਜਵਿੰਦਰ ਰਾਜਾ, ਜ਼ਿਲ੍ਹਾ ਭਾਸ਼ਾ ਅਫ਼ਸਰ ਬਰਨਾਲਾ ਬਿੰਦਰ ਸਿੰਘ ਖੁੱਡੀ ਕਲਾਂ, ਹੰਸ ਸਿੰਘ ਸੋਹੀ ਭਗਤਾ, ਨਿਰਭੈ ਸਿੰਘ ਧੌਲਾ, ਅਮਨਦੀਪ ਸਿੰਘ, ਪ੍ਰਿੰਸੀਪਲ ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ ਮਾਨ, ਅਮਰਜੀਤ ਸਿੰਘ ਮਾਨ, ਗੁਰਵਿੰਦਰ ਦਿਆਲਪੁਰਾ, ਪ੍ਰਦੀਪ ਕੁਮਾਰ, ਜਗਤਾਰ ਰਤਨ ਆਦਿ ਹਾਜ਼ਰ ਸਨ।