- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ, ਉਮੀਦਵਾਰਾਂ ਦੀ ਚੋਣ, ਕਿਸਾਨੀ ਮੁੱਦਿਆਂ, ਬੰਦੀ ਸਿੰਘਾਂ ਦੀ ਰਿਹਾਈ ਤੇ ਪੰਜਾਬ ਦੇ ਭਵਿੱਖ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਸਮੇਂ ਖ਼ੁਦ ਨੂੰ ਨਵੀਂ ਪਾਰਟੀ ਦੱਸਦਿਆਂ ਲੋਕਾਂ ਤੋਂ ਸਮਾਂ ਮੰਗਿਆ ਸੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਗਾਮੀ ਵਿਧਾਨ ਸਭਾ-2027 ਦੀਆਂ ਚੋਣਾਂ ’ਚ ਕਾਂਗਰਸੀ ਲੋਕਲ ਉਮੀਦਵਾਰ ਨੂੰ ਹੀ ਚੋਣਾਂ ’ਚ ਪਹਿਲ ਦਿੱਤੀ ਜਾਵੇਗੀ ਤੇ ਸਰਵੇਖਣ ’ਚ ਪਹਿਲੇ ਨੰਬਰ ’ਤੇ ਆਉਣ ਵਾਲੇ ਦੀ ਯੋਗਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਮੈਰਿਟ ਦੇ ਆਧਾਰ ’ਤੇ ਹੀ ਟਿਕਟਾਂ ਦੀ ਵੰਡ ਕੀਤੀ ਜਾਵੇਗੀ।
ਇਹ ਗੱਲ ਸਥਾਨਕ ਇਕ ਨਿੱਜੀ ਪੈਲੇਸ ’ਚ ‘ਪੰਜਾਬ ਮੰਗਦਾ ਇਨਸਾਫ਼’ ਯਾਤਰਾ ਤਹਿਤ ਰੱਖੇ ਗਏ ਸਮਾਗਮ ਦੌਰਾਨ ਪ੍ਰਗਟ ਸਿੰਘ ਪ੍ਰਧਾਨ ਪੀਪੀਸੀਸੀ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਉਨ੍ਹਾਂ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ, ਉਮੀਦਵਾਰਾਂ ਦੀ ਚੋਣ, ਕਿਸਾਨੀ ਮੁੱਦਿਆਂ, ਬੰਦੀ ਸਿੰਘਾਂ ਦੀ ਰਿਹਾਈ ਤੇ ਪੰਜਾਬ ਦੇ ਭਵਿੱਖ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਸਮੇਂ ਖ਼ੁਦ ਨੂੰ ਨਵੀਂ ਪਾਰਟੀ ਦੱਸਦਿਆਂ ਲੋਕਾਂ ਤੋਂ ਸਮਾਂ ਮੰਗਿਆ ਸੀ। ਪਹਿਲਾਂ ਉਹ ਕਹਿੰਦੇ ਸਨ ਕਿ ਸਰਕਾਰ ਬਣੇ ਨੂੰ ਛੇ ਮਹੀਨੇ ਜਾਂ ਇਕ ਸਾਲ ਹੀ ਹੋਇਆ ਹੈ ਪਰ ਹੁਣ ਪੰਜ ਸਾਲ ਬੀਤਣ ਤੋਂ ਬਾਅਦ ਸਰਕਾਰ ਦੇ ਕੰਮਾਂ ਦਾ ਮੁਲਾਂਕਣ ਕਰਨ ਦਾ ਸਮਾਂ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਮੈਰਿਟ ਤੇ ਸਰਵੇਖਣ ਦੇ ਆਧਾਰ ’ਤੇ ਕੀਤੀ ਜਾਵੇਗੀ। ਜਿਹੜਾ ਉਮੀਦਵਾਰ ਸਰਵੇਖਣ ’ਚ ਪਹਿਲੇ ਨੰਬਰ ’ਤੇ ਆਵੇਗਾ, ਉਸ ਦੀ ਯੋਗਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਥਾਨਕ ਉਮੀਦਵਾਰ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਹਲਕੇ ਦਾ ਲੋਕਲ ਆਗੂ ਲੋਕਾਂ ਨਾਲ 24 ਘੰਟੇ ਜੁੜਿਆ ਰਹਿੰਦਾ ਹੈ ਅਤੇ ਲੋਕਾਂ ਦਾ ਉਸ ਨਾਲ ਰੋਜ਼ਾਨਾ ਰਾਬਤਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਕਾਰਨ ਪੰਜਾਬ ਨਾਲ ਵਿਤਕਰਾ ਹੋ ਰਿਹਾ ਹੈ ਅਤੇ ਲੋਕ ਇਸ ਗੱਲ ਨੂੰ ਸਮਝ ਰਹੇ ਹਨ। ਕਾਂਗਰਸ ਦੀ ਅਗਵਾਈ ਸਬੰਧੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਚੁਣਨ ਦਾ ਫ਼ੈਸਲਾ ਵਿਧਾਇਕਾਂ ਵੱਲੋਂ ਕੀਤਾ ਜਾਵੇਗਾ। ਚੋਣਾਂ ਤੋਂ ਬਾਅਦ ਸਾਰੇ ਚੁਣੇ ਹੋਏ ਵਿਧਾਇਕ ਆਪਸੀ ਵਿਚਾਰ-ਵਟਾਂਦਰੇ ਨਾਲ ਆਪਣਾ ਆਗੂ ਚੁਣਨਗੇ। ਉਨ੍ਹਾਂ ਕਿਹਾ ਕਿ ਪਾਰਟੀ ਕੋਲ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ ਵਰਗੇ ਤਜਰਬੇਕਾਰ ਆਗੂ ਮੌਜੂਦ ਹਨ।
ਅੰਤ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮਕਸਦ ਪੰਜਾਬ ਨੂੰ ਕੈਲੀਫੋਰਨੀਆ ਜਾਂ ਸਿੰਗਾਪੁਰ ਬਣਾਉਣ ਦੇ ਦਾਅਵੇ ਕਰਨਾ ਨਹੀਂ, ਸਗੋਂ ਪੰਜਾਬ ਦੀ ਅਸਲ ਪਛਾਣ, ਕਿਸਾਨੀ, ਸੱਭਿਆਚਾਰ ਤੇ ਵਿਰਾਸਤ ਨੂੰ ਮੁੜ ਮਜ਼ਬੂਤ ਕਰਨਾ ਹੈ। ਇਸ ਮੌਕੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਜਨਾਬ ਮੁਹੰਮਦ ਸਦੀਕ, ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਬਲਾਕ ਸਹਿਰੀ ਪ੍ਰਧਾਨ ਮਹੇਸ ਕੁਮਾਰ ਲੋਟਾ, ਸੁਰਿੰਦਰ ਸੁਰਿੰਦਰ ਕੌਰ ਬਾਲੀਆ, ਬਿੱਟੂ ਸ਼ਰਮਾ ਆਦਿ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।