- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਮੁੱਖ ਮੰਤਰੀ ਨੇ ਤੰਜ ਕੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਅਤੇ ਦੋਵੇਂ ਇੱਕ-ਦੂਜੇ ਨੂੰ ਅੱਖ ਚੱਕ ਕੇ ਨਹੀਂ ਦੇਖ ਸਕਦੇ। ਉਨ੍ਹਾਂ ਦੋਸ਼ ਲਾਇਆ ਕਿ ਬਰਨਾਲਾ ਦੀ ਜ਼ਿਮਨੀ ਚੋਣ ਵੇਲੇ ਵੀ ਇਨ੍ਹਾਂ ਦੋਵਾਂ ਨੇ ਆਪੋ-ਆਪਣੇ ਵੱਖਰੇ ਉਮੀਦਵਾਰਾਂ ਦੀ ਹਮਾਇਤ ਕੀਤੀ ਸੀ ਤਾਂ ਜੋ ਇੱਕ-ਦੂਜੇ ਦੇ ਧੜੇ ਨੂੰ ਹਰਾਇਆ ਜਾ ਸਕੇ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਭਰ ਵਿੱਚੋਂ ਲੋਕ ਵੱਡੀ ਗਿਣਤੀ ਵਿੱਚ ਉਮੜ ਕੇ ਕਾਂਗਰਸ ਦੀ ਇਸ ਯਾਤਰਾ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਬਰਨਾਲਾ ਵਿਖੇ ਯਾਤਰਾ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਬੜੀ ਤਨਦੇਹੀ ਅਤੇ ਨੇਕ ਨੀਅਤ ਨਾਲ ਲੋਕਾਂ ਦਾ ਸਕਾ ਪੁੱਤ ਬਣ ਕੇ ਕੰਮ ਕਰਕੇ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਵੇਲੇ ਵੀ ਉਨ੍ਹਾਂ ਲੋਕਾਂ ਨੂੰ ਇਹੀ ਅਪੀਲ ਕੀਤੀ ਸੀ ਕਿ ਆਪਣੇ ਇਸ ਪੁੱਤ ਨੂੰ ਜਿਤਾਓ, ਜੋ ਤੁਹਾਡੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹੇਗਾ।
ਮੌਜੂਦਾ ਸੂਬਾ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਚੰਨੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਦੱਸ ਕੇ ਵੋਟਾਂ ਲਈਆਂ, ਪਰ ਸੱਤਾ ਵਿੱਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਕਿਸਾਨਾਂ 'ਤੇ ਲਾਠੀਚਾਰਜ ਕਰਵਾਇਆ। ਇਸੇ ਤਰ੍ਹਾਂ ਉਨ੍ਹਾਂ ਮਾਸਟਰ ਦਾ ਪੁੱਤ ਕਹਿ ਕੇ ਅਧਿਆਪਕਾਂ ਦੀਆਂ ਵੋਟਾਂ ਬਟੋਰੀਆਂ, ਪਰ ਬਾਅਦ ਵਿੱਚ ਉਨ੍ਹਾਂ ਨੂੰ ਵੀ ਸੜਕਾਂ 'ਤੇ ਰੋਲਿਆ ਅਤੇ ਕੁੱਟਿਆ ਗਿਆ।
ਸਥਾਨਕ ਸਿਆਸਤ ਬਾਰੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਨੇ ਤੰਜ ਕੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਅਤੇ ਦੋਵੇਂ ਇੱਕ-ਦੂਜੇ ਨੂੰ ਅੱਖ ਚੱਕ ਕੇ ਨਹੀਂ ਦੇਖ ਸਕਦੇ। ਉਨ੍ਹਾਂ ਦੋਸ਼ ਲਾਇਆ ਕਿ ਬਰਨਾਲਾ ਦੀ ਜ਼ਿਮਨੀ ਚੋਣ ਵੇਲੇ ਵੀ ਇਨ੍ਹਾਂ ਦੋਵਾਂ ਨੇ ਆਪੋ-ਆਪਣੇ ਵੱਖਰੇ ਉਮੀਦਵਾਰਾਂ ਦੀ ਹਮਾਇਤ ਕੀਤੀ ਸੀ ਤਾਂ ਜੋ ਇੱਕ-ਦੂਜੇ ਦੇ ਧੜੇ ਨੂੰ ਹਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੀਤ ਹੇਅਰ ਉਨ੍ਹਾਂ ਦੇ ਨਾਲ ਵਿਧਾਇਕ ਵੀ ਰਹੇ ਹਨ, ਪਰ ਉਨ੍ਹਾਂ ਨੇ ਕਦੇ ਵੀ ਬਰਨਾਲਾ ਦੇ ਵਿਕਾਸ ਦੀ ਗੱਲ ਨਹੀਂ ਕੀਤੀ, ਸਗੋਂ ਇੱਥੇ ਸਿਰਫ਼ ਥਾਣੇਦਾਰੀ ਚਲਾਈ ਜਾ ਰਹੀ ਹੈ ਅਤੇ ਬਿਨਾਂ ਮਰਜ਼ੀ ਤੋਂ ਨਾ ਕੋਈ ਛੁੱਟ ਸਕਦਾ ਹੈ ਤੇ ਨਾ ਹੀ ਫੜਿਆ ਜਾ ਸਕਦਾ ਹੈ। ਦੂਜੇ ਪਾਸੇ ਕਾਲਾ ਢਿੱਲੋਂ ਜਦੋਂ ਵੀ ਮਿਲਦੇ ਹਨ, ਸਿਰਫ਼ ਬਰਨਾਲਾ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਬਾਰੇ ਹੀ ਸੋਚਦੇ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਤਕੜੇ ਹੋ ਕੇ ਸਾਥ ਦਿੱਤਾ ਜਾਵੇ।
ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਾ ਘਰ-ਘਰ ਸਪਲਾਈ ਹੋ ਰਿਹਾ ਹੈ ਅਤੇ ਹਰ ਸ਼ਹਿਰ ਵਿੱਚ ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਰਨਾਲਾ ਦੇ ਕਈ ਵਪਾਰੀ ਅਤੇ ਦੁਕਾਨਦਾਰ ਫਿਰੌਤੀਆਂ ਦੇ ਕੇ ਅੰਦਰੋ-ਅੰਦਰੀ ਘੁੱਟ-ਘੁੱਟ ਕੇ ਮਰ ਰਹੇ ਹਨ, ਕਿਉਂਕਿ ਪੈਸੇ ਨਾ ਦੇਣ 'ਤੇ ਗੋਲੀ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ। ਅੰਤ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਇਕੱਠੇ ਹੋ ਕੇ ਬਾਜ਼ਾਰ ਵਿੱਚ ਮਾਰਚ ਕਰਨ ਅਤੇ ਇਸ ਸਰਕਾਰ ਨੂੰ ਜੜ੍ਹੋਂ ਪੁੱਟਣ ਲਈ ਅੱਗੇ ਵਧਣ।